ਜਗਰਾਉਂ,(ਸੰਜੀਵ ਮਲਹੋਤਰਾ) ਵਰਿੰਦਾਵਨ ਵਿਖੇ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਵਿੱਚ ਲਾਪਤਾ ਹੋਏ ਜਗਰਾਉਂ ਦੇ ਨੌਜਵਾਨ ਰਿਸ਼ਭ ਸ਼ਰਮਾ ਦੀ ਭਾਲ ਆਖਿਰਕਾਰ ਇੱਕ ਬੇਹੱਦ ਦੁਖਦਾਈ ਖ਼ਬਰ ਨਾਲ ਖ਼ਤਮ ਹੋਈ ਹੈ। ਹਾਦਸੇ ਤੋਂ ਲਗਭਗ 48 ਘੰਟਿਆਂ ਬਾਅਦ ਚਲਾਏ ਗਏ ਬਚਾਅ ਕਾਰਜਾਂ ਦੌਰਾਨ ਅੱਜ ਸਵੇਰੇ ਨੌਜਵਾਨ ਦੀ ਮ੍ਰਿਤਕ ਦੇਹ ਯਮੁਨਾ ਨਦੀ ਦੇ ਪਾਣੀ ਵਿੱਚੋਂ ਬਰਾਮਦ ਕਰ ਲਈ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਬਚਾਅ ਟੀਮਾਂ ਅਤੇ ਗੋਤਾਖੋਰਾਂ ਵੱਲੋਂ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਅੱਜ ਸਵੇਰੇ ਸਭ ਤੋਂ ਪਹਿਲਾਂ ਲੁਧਿਆਣਾ ਨਾਲ ਸਬੰਧਤ ਇੱਕ ਲਾਪਤਾ ਲੜਕੀ ਦੀ ਦੇਹ ਪਾਣੀ ਦੇ ਉੱਪਰ ਤੈਰਦੀ ਹੋਈ ਦਿਖਾਈ ਦਿੱਤੀ। ਜਦੋਂ ਮੌਕੇ 'ਤੇ ਮੌਜੂਦ ਗੋਤਾਖੋਰਾਂ ਨੇ ਉਸ ਲੜਕੀ ਦੀ ਦੇਹ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕੀਤੀ, ਤਾਂ ਐਨ ਉਸੇ ਵਕਤ ਉਸ ਦੇ ਨੇੜਿਓਂ ਹੀ ਇੱਕ ਨੌਜਵਾਨ ਦੀ ਦੇਹ ਵੀ ਨਜ਼ਰ ਆਈ। ਪ੍ਰਸ਼ਾਸਨ ਅਤੇ ਗੋਤਾਖੋਰਾਂ ਦੀ ਸਾਂਝੀ ਮੁਸ਼ੱਕਤ ਨਾਲ ਦੋਵਾਂ ਦੇਹਾਂ ਨੂੰ ਪਾਣੀ 'ਚੋਂ ਬਾਹਰ ਕੱਢਿਆ ਗਿਆ।
ਇਸ ਸੰਕਟ ਦੀ ਘੜੀ ਵਿੱਚ ਪੰਜਾਬ ਸਰਕਾਰ ਵੱਲੋਂ ਰਾਹਤ ਕਾਰਜਾਂ ਦੀ ਨਿਗਰਾਨੀ ਅਤੇ ਪਰਿਵਾਰਾਂ ਦੀ ਮਦਦ ਲਈ ਉਚੇਚੇ ਤੌਰ 'ਤੇ ਵਰਿੰਦਾਵਨ ਭੇਜੇ ਗਏ ਜਗਰਾਉਂ ਦੇ ਤਹਿਸੀਲਦਾਰ ਸ. ਰੇਸ਼ਮ ਸਿੰਘ ਵੀ ਮੌਕੇ 'ਤੇ ਮੌਜੂਦ ਸਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਨੂੰਨੀ ਪ੍ਰਕਿਰਿਆ ਤਹਿਤ ਮ੍ਰਿਤਕ ਦੀ ਸ਼ਨਾਖਤ ਕਰਨ ਲਈ ਰਿਸ਼ਭ ਦੇ ਮਾਤਾ-ਪਿਤਾ ਨੂੰ ਮੌਕੇ 'ਤੇ ਬੁਲਾਇਆ ਗਿਆ। ਰਿਸ਼ਭ ਦੇ ਪਿਤਾ ਉਮੇਸ਼ ਸ਼ਰਮਾ (ਬਾਵਾ) ਅਤੇ ਮਾਤਾ ਉਮਾ ਸ਼ਰਮਾ, ਜੋ ਆਪਣੇ ਪੁੱਤਰ ਦੀ ਭਾਲ ਵਿੱਚ ਪਹਿਲਾਂ ਹੀ ਵਰਿੰਦਾਵਨ ਦੀਆਂ ਬਰੂਹਾਂ 'ਤੇ ਬੈਠੇ ਸਨ, ਨੇ ਭਰੇ ਮਨ ਨਾਲ ਆਪਣੇ ਨੌਜਵਾਨ ਪੁੱਤਰ ਦੀ ਦੇਹ ਦੀ ਪਛਾਣ ਕੀਤੀ। ਇਸ ਉਪਰੰਤ, ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਅਗਲੇਰੀ ਕਾਨੂੰਨੀ ਅਤੇ ਡਾਕਟਰੀ ਕਾਰਵਾਈ (ਪੋਸਟਮਾਰਟਮ ਆਦਿ) ਲਈ ਦੇਹ ਨੂੰ ਸਥਾਨਕ ਹਸਪਤਾਲ ਭੇਜ ਦਿੱਤਾ ਗਿਆ।
ਪਰਿਵਾਰਕ ਸੂਤਰਾਂ ਤੋਂ ਮਿਲੇ ਵੇਰਵਿਆਂ ਅਨੁਸਾਰ, ਕਾਨੂੰਨੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਵਾਪਸ ਜਗਰਾਉਂ ਲਿਆਂਦਾ ਜਾ ਰਿਹਾ ਹੈ। ਇਸ ਹੋਣਹਾਰ ਨੌਜਵਾਨ ਦਾ ਅੰਤਿਮ ਸੰਸਕਾਰ ਸੋਮਵਾਰ ਸਵੇਰੇ ਜਗਰਾਉਂ ਦੇ ਸ਼ੇਰਪੁਰਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਕੀਤਾ ਜਾਵੇਗਾ। ਇਸ ਅਣਹੋਣੀ ਘਟਨਾ ਕਾਰਨ ਪੂਰੇ ਜਗਰਾਉਂ ਇਲਾਕੇ ਵਿੱਚ ਡੂੰਘੇ ਸੋਗ ਦੀ ਲਹਿਰ ਹੈ।