• Wednesday, 15 April 2026
Logo Logo
Advertisement
ਕਨ੍ਹਈਆ ਗੁਪਤਾ ਬਾਂਕਾ ਦੇ ਸਿਰ ਮੁੜ ਸਜਿਆ ਪ੍ਰਧਾਨਗੀ ਦਾ ਤਾਜ; ਆੜਤੀਆ ਭਾਈਚਾਰੇ ਨੇ ਪਿਛਲੀ ਸੁਚੱਜੀ ਕਾਰਜਸ਼ੈਲੀ 'ਤੇ ਮੋਹਰ ਲਗਾਉਂਦਿਆਂ ਲਗਾਤਾਰ ਤੀਜੀ ਵਾਰ ਸੌਂਪੀ ਵਾਗਡੋਰ

07 Apr 2026 | 215 Views

ਕਨ੍ਹਈਆ ਗੁਪਤਾ ਬਾਂਕਾ ਦੇ ਸਿਰ ਮੁੜ ਸਜਿਆ ਪ੍ਰਧਾਨਗੀ ਦਾ ਤਾਜ; ਆੜਤੀਆ ਭਾਈਚਾਰੇ ਨੇ ਪਿਛਲੀ ਸੁਚੱਜੀ ਕਾਰਜਸ਼ੈਲੀ 'ਤੇ ਮੋਹਰ ਲਗਾਉਂਦਿਆਂ ਲਗਾਤਾਰ ਤੀਜੀ ਵਾਰ ਸੌਂਪੀ ਵਾਗਡੋਰ

ਜਗਰਾਉਂ, (ਚਰਨਜੀਤ ਸਿੰਘ ਚੰਨ): ਜਗਰਾਉਂ ਦੀ ਆਰਥਿਕ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਆੜਤੀਆ ਵਰਗ ਦੀ ਨੁਮਾਇੰਦਗੀ ਕਰਨ ਵਾਲੀ ਸਿਰਮੌਰ ਸੰਸਥਾ, 'ਜਗਰਾਉਂ ਆੜਤੀਆ ਐਸੋਸੀਏਸ਼ਨ' ਵੱਲੋਂ ਅੱਜ ਸਥਾਨਕ ਪੁਰਾਣੀ ਦਾਣਾ ਮੰਡੀ ਸਥਿਤ ਧਰਮਸ਼ਾਲਾ ਵਿਖੇ ਇੱਕ ਵਿਸ਼ੇਸ਼ ਅਤੇ ਅਹਿਮ ਇਕੱਤਰਤਾ ਕੀਤੀ ਗਈ। ਇਸ ਮੀਟਿੰਗ ਦੌਰਾਨ ਆੜਤੀਆ ਭਾਈਚਾਰੇ ਨੇ ਪਿਛਲੇ ਸਮੇਂ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਮੁੱਖ ਰੱਖਦੇ ਹੋਏ ਕਨ੍ਹਈਆ ਗੁਪਤਾ ਬਾਂਕਾ ਨੂੰ ਲਗਾਤਾਰ ਤੀਜੀ ਵਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਨ ਦਾ ਇਤਿਹਾਸਕ ਅਤੇ ਸਰਬਸੰਮਤ ਫੈਸਲਾ ਲਿਆ ਹੈ।
ਜ਼ਿਕਰਯੋਗ ਹੈ ਕਿ ਮੌਜੂਦਾ ਯੂਨੀਅਨ ਦਾ ਦੋ ਸਾਲਾ ਕਾਰਜਕਾਲ ਬੀਤੀ 31 ਮਾਰਚ ਨੂੰ ਸੰਪੰਨ ਹੋ ਚੁੱਕਾ ਸੀ, ਜਿਸ ਦੇ ਮੱਦੇਨਜ਼ਰ ਨਵੀਂ ਬਾਡੀ ਦੀ ਚੋਣ ਲਈ ਇਹ ਜਮਹੂਰੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਗਈ। ਇਹ ਅਹਿਮ ਚੋਣ ਮੀਟਿੰਗ ਐਸੋਸੀਏਸ਼ਨ ਦੇ ਸਰਪ੍ਰਸਤ ਕਮਲਜੀਤ ਸਿੰਘ ਮੱਲਾ ਦੀ ਸੁਚੱਜੀ ਰਹਿਨੁਮਾਈ ਹੇਠ ਨੇਪਰੇ ਚਾੜ੍ਹੀ ਗਈ।

ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਪ੍ਰਧਾਨ ਬਾਂਕਾ ਵੱਲੋਂ ਆਪਣੀਆਂ ਪਿਛਲੀਆਂ ਦੋ ਟਰਮਾਂ ਦੌਰਾਨ ਆੜਤੀਆ ਭਾਈਚਾਰੇ ਦੇ ਹੱਕਾਂ ਦੀ ਰਾਖੀ ਅਤੇ ਐਸੋਸੀਏਸ਼ਨ ਦੀ ਬਿਹਤਰੀ ਲਈ ਕੀਤੇ ਗਏ ਨਿੱਗਰ ਉਪਰਾਲਿਆਂ ਦੀ ਰੱਜ ਕੇ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਪਾਰਦਰਸ਼ੀ ਕਾਰਜਸ਼ੈਲੀ 'ਤੇ ਮੁਕੰਮਲ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਜਦੋਂ ਮੀਟਿੰਗ ਦੀ ਕਾਰਵਾਈ ਦੌਰਾਨ ਸਰਪ੍ਰਸਤ ਕਮਲਜੀਤ ਸਿੰਘ ਮੱਲਾ ਵੱਲੋਂ ਪ੍ਰਧਾਨਗੀ ਦੇ ਅਹਿਮ ਅਹੁਦੇ ਲਈ ਤੀਜੀ ਵਾਰ ਕਨ੍ਹਈਆ ਗੁਪਤਾ ਬਾਂਕਾ ਦਾ ਨਾਮ ਤਜਵੀਜ਼ ਕੀਤਾ ਗਿਆ, ਤਾਂ ਹਾਜ਼ਰ ਸਮੂਹ ਮੈਂਬਰਾਂ ਨੇ ਪੂਰੇ ਉਤਸ਼ਾਹ ਨਾਲ ਹੱਥ ਖੜ੍ਹੇ ਕਰਕੇ ਇਸ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ।
ਐਸੋਸੀਏਸ਼ਨ ਦੇ ਕੰਮਕਾਜ ਨੂੰ ਹੋਰ ਵਧੇਰੇ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਨਵੀਂ ਕਾਰਜਕਾਰਨੀ ਦਾ ਵੀ ਸਰਬਸੰਮਤੀ ਨਾਲ ਗਠਨ ਕੀਤਾ ਗਿਆ ਹੈ। ਨਵੀਂ ਚੁਣੀ ਗਈ ਟੀਮ ਵਿੱਚ ਸਰਪ੍ਰਸਤ ਵਜੋਂ ਕਮਲਜੀਤ ਸਿੰਘ ਮੱਲਾ, ਚੇਅਰਮੈਨ ਭੂਸ਼ਣ ਗੋਇਲ, ਉਪ ਚੇਅਰਮੈਨ ਸਵਨਜੀਤ ਸਿੰਘ ਗਿੱਲ, ਜਨਰਲ ਸਕੱਤਰ ਜਤਿੰਦਰ ਸਿੰਘ ਸਰਾਂ ਅਤੇ ਸੀਨੀਅਰ ਮੀਤ ਪ੍ਰਧਾਨ ਕਮ ਕੈਸ਼ੀਅਰ ਵਜੋਂ ਜਗਜੀਤ ਸਿੰਘ ਸਿੱਧੂ ਨੂੰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਮੀਤ ਪ੍ਰਧਾਨ ਵਜੋਂ ਗੁਰਮੀਤ ਸਿੰਘ ਦੌਧਰ, ਜਸਵੰਤ ਸਿੰਘ ਸੋਹੀ, ਰਜਿੰਦਰ ਜੈਨ ਕਾਕਾ, ਸਤਪਾਲ, ਨਵੀਨ ਸਿੰਗਲਾ, ਜਗਜੀਤ ਸਿੰਘ ਕੌਂਕੇ ਅਤੇ ਆਸ਼ੂ ਮਿੱਤਲ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਐਸੋਸੀਏਸ਼ਨ ਦੇ ਸਲਾਹਕਾਰ ਵਜੋਂ ਜੱਟ ਗਰੇਵਾਲ ਅਤੇ ਅਪਾਰ ਸਿੰਘ, ਸਹਾਇਕ ਸਕੱਤਰ ਅੰਮ੍ਰਿਤਪਾਲ ਸਿੰਘ ਤੇ ਰੋਹਿਤ ਗੋਇਲ, ਸਕੱਤਰ ਮਹਿੰਦਰਪਾਲ ਸਿੰਘ ਗੁਰੂਸਰ ਤੇ ਬੂਟਾ ਸਿੰਘ ਗਰੇਵਾਲ ਅਤੇ ਪ੍ਰੈਸ ਸਕੱਤਰ ਵਜੋਂ ਮਨੋਹਰ ਲਾਲ ਸ਼ਾਮਲ ਕੀਤੇ ਗਏ ਹਨ।
ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ ਅਤੇ ਸਮੁੱਚੀ ਕਾਰਜਕਾਰਨੀ ਨੇ ਆੜਤੀਆ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਇਹ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਮੰਡੀ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਅਤੇ ਆੜਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਪੂਰੀ ਤਨਦੇਹੀ ਨਾਲ ਪਹਿਰੇਦਾਰੀ ਕਰਨਗੇ।

Published on: 07 Apr 2026

Dinesh Sharma
📣 Share this post

Latest News