ਦੋ ਵੱਖ-ਵੱਖ ਘਟਨਾਵਾਂ ਵਿੱਚ ਸੁੰਨੇ ਘਰ ਤੋਂ ਨਕਦੀ-ਗਹਿਣੇ ਚੋਰੀ,ਦਿਨ-ਦਿਹਾੜੇ ਔਰਤ ਤੋਂ ਹਥਿਆਰਾਂ ਦੇ ਜ਼ੋਰ ‘ਤੇ ਸੋਨੇ ਦੇ ਗਹਿਣੇ ਲੁੱਟੇ
ਜਗਰਾਉਂ,(ਦਿਨੇਸ਼ ਸ਼ਰਮਾ) ਸਿੱਧਵਾਂ ਬੇਟ ਇਲਾਕੇ ਵਿੱਚ ਹਾਲੀਆ ਦਿਨਾਂ ਦੌਰਾਨ ਵਧ ਰਹੀਆਂ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੇ ਇਲਾਕਾ ਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਗਸ਼ਤ ਘੱਟ ਹੋਣ ਕਾਰਨ ਸ਼ਰਾਰਤੀ ਤੱਤਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ ਅਤੇ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਸੁੰਨੇ ਘਰ ਨੂੰ ਬਣਾਇਆ ਨਿਸ਼ਾਨਾ- ਪਹਿਲੀ ਘਟਨਾ ਪਿੰਡ ਅੱਬੂਪੁਰਾ ਵਿੱਚ ਵਾਪਰੀ, ਜਿੱਥੇ ਬਲਵੰਤ ਸਿੰਘ ਦਾ ਪਰਿਵਾਰ ਰਾਤ ਸਮੇਂ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਘਰ ਤੋਂ ਬਾਹਰ ਗਿਆ ਹੋਇਆ ਸੀ। ਜਦੋਂ ਪਰਿਵਾਰ ਵਾਪਸ ਆਇਆ ਤਾਂ ਘਰ ਅੰਦਰ ਸਾਮਾਨ ਉਲਟ-ਪੁਲਟ ਹੋਇਆ ਪਿਆ ਸੀ ਅਤੇ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਜਾਣਕਾਰੀ ਮੁਤਾਬਕ ਅਣਪਛਾਤੇ ਚੋਰ ਰਾਤ ਕਰੀਬ 11 ਵਜੇ ਤੋਂ 2 ਵਜੇ ਦੇ ਵਿਚਕਾਰ ਘਰ ਵਿੱਚ ਦਾਖਲ ਹੋ ਕੇ ਇੱਕ ਐਲ.ਈ.ਡੀ., ਦੋ ਸੋਨੇ ਦੀਆਂ ਛਾਪਾਂ, ਦੋ ਜੋੜੇ ਚਾਂਦੀ ਦੀਆਂ ਝਾਂਜਰਾਂ ਅਤੇ ਕਰੀਬ 20 ਤੋਂ 22 ਹਜ਼ਾਰ ਰੁਪਏ ਨਕਦ ਲੈ ਉੱਡੇ। ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਦਿਨ-ਦਿਹਾੜੇ ਔਰਤ ਨਾਲ ਲੁੱਟਪਾਟ-ਇਸੇ ਤਰ੍ਹਾਂ ਦੀ ਦੂਜੀ ਘਟਨਾ ਵਿੱਚ ਪਿੰਡ ਸ਼ਫੀਪੁਰਾ ਨੇੜੇ ਸ਼ਮਸ਼ਾਨਘਾਟ ਕੋਲ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ। ਪਿੰਡ ਅੱਬੂਪੁਰਾ (ਡੇਰਾ ਗੁਰਦਾਸਪੁਰੀਆਂ) ਦੀ ਵਸਨੀਕ ਦਲਵੀਰ ਕੌਰ ਆਪਣੇ ਪੁੱਤਰ ਜਸਨੂਰ ਸਿੰਘ ਨਾਲ ਮੋਟਰਸਾਈਕਲ ਰਾਹੀਂ ਘਰ ਵਾਪਸ ਆ ਰਹੀ ਸੀ। ਇਸ ਦੌਰਾਨ ਸ਼ਾਮ ਕਰੀਬ 4 ਵਜੇ ਤਿੰਨ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਕੇ ਹਥਿਆਰਾਂ ਦੀ ਨੋਕ ‘ਤੇ ਉਸ ਦੀਆਂ ਚਾਰ ਸੋਨੇ ਦੀਆਂ ਵਾਲੀਆਂ ਅਤੇ ਕਰੀਬ ਪੰਜ ਤੋਲੇ ਦੀ ਸੋਨੇ ਦੀ ਚੇਨ ਲੁੱਟ ਲਈ। ਵਾਰਦਾਤ ਤੋਂ ਬਾਅਦ ਮੁਲਜ਼ਮ ਮੋਟਰਸਾਈਕਲ ‘ਤੇ ਪਿੰਡ ਸ਼ਫੀਪੁਰਾ ਵੱਲ ਫਰਾਰ ਹੋ ਗਏ।
ਇਲਾਕਾ ਵਾਸੀਆਂ ਵੱਲੋਂ ਸਖ਼ਤ ਕਾਰਵਾਈ ਦੀ ਮੰਗ-ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਲੋਕਾਂ ਦਾ ਦੋਸ਼ ਹੈ ਕਿ ਇਲਾਕੇ ਵਿੱਚ ਗਸ਼ਤ ਘੱਟ ਹੋਣ ਕਾਰਨ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲਾਂ ‘ਤੇ ਸ਼ੱਕੀ ਵਿਅਕਤੀ ਆਜ਼ਾਦੀ ਨਾਲ ਘੁੰਮਦੇ ਫਿਰਦੇ ਹਨ। ਉਨ੍ਹਾਂ ਨੇ ਪੁਲਿਸ ਤੋਂ ਥਾਂ-ਥਾਂ ਨਾਕਾਬੰਦੀ ਅਤੇ ਸਖ਼ਤ ਨਿਗਰਾਨੀ ਕਰਨ ਦੀ ਮੰਗ ਕੀਤੀ ਹੈ।
ਪੁਲਿਸ ਦਾ ਪੱਖ-ਇਸ ਸਬੰਧੀ ਜਦੋਂ ਥਾਣਾ ਸਿੱਧਵਾਂ ਬੇਟ ਦੇ ਮੁਖੀ ਹਮਰਾਜ ਸਿੰਘ ਚੀਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਮਾਮਲਿਆਂ ਦੀ ਜਾਣਕਾਰੀ ਪੁਲਸ ਕੋਲ ਪਹੁੰਚ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਕਟਘਰੇ ਵਿੱਚ ਲਿਆਂਦਾ ਜਾਵੇਗਾ।