ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਕਿਹਾ, ਔਰਤਾਂ ਦੇ ਹੱਕਾਂ ਅਤੇ ਸਮਾਜਿਕ ਚੇਤਨਾ ਦੇ ਮੁੱਦਿਆਂ 'ਤੇ ਹੋਵੇਗੀ ਵਿਚਾਰ-ਚਰਚਾ
ਜਗਰਾਓਂ, (ਸੰਜੀਵ ਮਲਹੋਤਰਾ)
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਅਨੁਸਾਰ 12 ਅਗਸਤ ਨੂੰ ਮਹਿਲਕਲਾਂ ਵਿਖੇ ਸ਼ਹੀਦ ਬੱਚੀ ਕਿਰਨਜੀਤ ਕੌਰ ਦੀ 29ਵੀਂ ਬਰਸੀ ਮੌਕੇ ਹੋਣ ਵਾਲੀ ਸੂਬਾਈ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਸਮਾਜਿਕ ਕਾਰਕੁਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਦੱਸਿਆ ਕਿ ਜਗਰਾਓਂ, ਸਿੱਧਵਾਂ ਬੇਟ, ਰਾਏਕੋਟ, ਸੁਧਾਰ, ਹੰਬੜਾਂ, ਮੁੱਲਾਂਪੁਰ, ਲੁਧਿਆਣਾ-1 ਅਤੇ ਲੁਧਿਆਣਾ-2 ਬਲਾਕਾਂ ਦੇ ਲਗਭਗ 125 ਪਿੰਡਾਂ ਵਿੱਚ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਮੀਟਿੰਗਾਂ ਕੀਤੀਆਂ ਗਈਆਂ।
ਉਨ੍ਹਾਂ ਕਿਹਾ ਕਿ ਇਹ ਬਰਸੀ ਸਮਾਗਮ ਕੇਵਲ ਯਾਦਗਾਰੀ ਸਮਾਗਮ ਨਹੀਂ, ਸਗੋਂ ਔਰਤਾਂ ਦੇ ਹੱਕਾਂ, ਸਮਾਨਤਾ ਅਤੇ ਸਮਾਜਿਕ ਚੇਤਨਾ ਨਾਲ ਜੁੜੇ ਮੁੱਦਿਆਂ 'ਤੇ ਵਿਚਾਰ-ਵਟਾਂਦਰੇ ਦਾ ਮੰਚ ਹੈ। ਆਗੂਆਂ ਨੇ ਔਰਤਾਂ ਵਿਰੁੱਧ ਹਿੰਸਾ, ਭੇਦਭਾਵ ਅਤੇ ਸਮਾਜਿਕ ਅਸਮਾਨਤਾ ਵਰਗੇ ਮੁੱਦਿਆਂ 'ਤੇ ਚਿੰਤਾ ਜਤਾਉਂਦਿਆਂ ਸਮਾਜ ਵਿੱਚ ਜਾਗਰੂਕਤਾ ਵਧਾਉਣ ਦੀ ਲੋੜ ਉੱਭਾਰੀ।
ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਦਿੱਲੀ ਤੋਂ ਰਾਖੀ ਸਹਿਗਲ ਅਤੇ ਚੰਡੀਗੜ੍ਹ ਤੋਂ ਐਡਵੋਕੇਟ ਅਮਨਦੀਪ ਕੌਰ ਮੁੱਖ ਵਕਤਾ ਵਜੋਂ ਸ਼ਿਰਕਤ ਕਰਨਗੀਆਂ। ਇਸ ਤੋਂ ਇਲਾਵਾ ਲੋਕ ਕਲਾ ਮੰਚ ਮੁੱਲਾਂਪੁਰ ਵੱਲੋਂ "ਤੂੰ ਮਸ਼ਾਲ ਬਾਲ ਕੇ ਰੱਖੀਂ" ਨਾਟਕ ਵੀ ਪੇਸ਼ ਕੀਤਾ ਜਾਵੇਗਾ।
ਸਮਾਗਮ ਸਵੇਰੇ 11 ਵਜੇ ਸ਼ੁਰੂ ਹੋਵੇਗਾ ਅਤੇ ਲੁਧਿਆਣਾ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਔਰਤਾਂ ਦੇ ਸ਼ਾਮਲ ਹੋਣ ਦੀ ਉਮੀਦ ਜਤਾਈ ਗਈ ਹੈ।
ਸ਼ਹੀਦ ਬੱਚੀ ਕਿਰਨਜੀਤ ਕੌਰ ਦੀ ਯਾਦ ਵਿੱਚ ਇਹ ਸਲਾਨਾ ਸਮਾਗਮ ਪਿਛਲੇ 29 ਸਾਲਾਂ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਔਰਤਾਂ ਦੇ ਹੱਕਾਂ ਅਤੇ ਸਮਾਜਿਕ ਮੁੱਦਿਆਂ 'ਤੇ ਵਿਚਾਰ-ਚਰਚਾ ਕੀਤੀ ਜਾਂਦੀ ਹੈ।