ਜਗਰਾਉਂ ਦਿਨੇਸ਼ ਸ਼ਰਮਾ
ਜਗਰਾਉਂ ਵਿੱਚ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਦੌਰਾਨ ਸਿਟੀ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਕਥਿਤ ਤੌਰ 'ਤੇ 20 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮਾਮਲੇ ਸਬੰਧੀ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਿਟੀ ਜਗਰਾਉਂ ਦੇ ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਨਾਲ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਪੁਲਿਸ ਪਾਰਟੀ ਪੁਲੀ ਸੂਆ, ਕੋਠੇ ਖੰਜੂਰਾ ਰੋਡ, ਅਲੀਗੜ੍ਹ (ਜਗਰਾਉਂ) ਨੇੜੇ ਪੁੱਜੀ।
ਪੁਲਿਸ ਮੁਤਾਬਕ ਪੁਲੀ ਸੂਆ 'ਤੇ ਇੱਕ ਮੋਨਾ ਵਿਅਕਤੀ ਸ਼ੱਕੀ ਹਾਲਤ ਵਿੱਚ ਖੜ੍ਹਾ ਦਿਖਾਈ ਦਿੱਤਾ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਪੁੱਛਗਿੱਛ ਕੀਤੀ ਗਈ। ਉਸ ਨੇ ਆਪਣੀ ਪਛਾਣ ਬੱਬਲਦੀਪ ਸਿੰਘ ਉਰਫ਼ ਬੱਬਲੂ, ਪੁੱਤਰ ਸਵਰਗੀ ਪਰਦੀਪ ਸਿੰਘ, ਪੋਤਾ ਸਵਰਗੀ ਜਾਗਰ ਸਿੰਘ, ਵਾਸੀ ਧੂਮਣ ਮੁਹੱਲਾ, ਜਗਰਾਉਂ ਵਜੋਂ ਦੱਸੀ।
ਪੁਲਿਸ ਅਨੁਸਾਰ ਤਲਾਸ਼ੀ ਦੌਰਾਨ ਉਸ ਕੋਲ ਮੌਜੂਦ ਇੱਕ ਲਿਫਾਫੇ ਵਿੱਚੋਂ ਦੋ ਪੱਤਿਆਂ ਵਿੱਚ ਕੁੱਲ 20 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਸੰਬੰਧਿਤ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਬਰਾਮਦ ਕੀਤੀਆਂ ਗੋਲੀਆਂ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਸਰੋਤ: ਪੁਲਿਸ