ਸੰਜੀਵ ਮਲਹੋਤਰਾ
ਜਗਰਾਉਂ ਦੇ ਲੰਮਿਆਂ ਵਾਲਾ ਬਾਗ ਵਿਖੇ ਸ੍ਰੀ ਨਵ ਦੁਰਗਾ ਸੇਵਾ ਮੰਡਲ ਵੱਲੋਂ ਮਾਤਾ ਚਿੰਤਪੁਰਨੀ ਦੇ ਦਰਬਾਰ ਜਾਣ ਵਾਲੇ ਸ਼ਰਧਾਲੂਆਂ ਲਈ ਲਗਾਏ ਜਾਣ ਵਾਲੇ 25ਵੇਂ ਸਾਲਾਨਾ ਭੰਡਾਰੇ ਦੇ ਸੱਦਾ ਪੱਤਰ ਦਾ ਰਿਲੀਜ਼ ਸਮਾਰੋਹ ਕਰਵਾਇਆ ਗਿਆ।
ਸਮਾਗਮ ਦੌਰਾਨ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਭੱਲਾ, ਸਤਿਅਮ ਜਿਊਲਰਜ਼ ਦੇ ਮਾਲਕ ਰਾਜੇਸ਼ ਕਤਿਆਲ, ਬੁਲਬੁਲ ਆਇਲ ਦੇ ਐੱਮ.ਡੀ. ਹਰਸ਼ ਜੈਨ ਅਤੇ ਜੈਨ ਲੈਬ ਦੇ ਐੱਮ.ਡੀ. ਡਾ. ਮਨੀਸ਼ ਜੈਨ ਨੇ ਮੰਡਲ ਦੇ ਅਹੁਦੇਦਾਰਾਂ ਨਾਲ ਮਿਲ ਕੇ ਸੱਦਾ ਪੱਤਰ ਜਾਰੀ ਕੀਤਾ।
ਮੰਡਲ ਦੇ ਚੇਅਰਮੈਨ ਜਤਿੰਦਰ ਅਰੋੜਾ ਮਿੱਠੂ ਨੇ ਕਿਹਾ ਕਿ ਪਿਛਲੇ 24 ਸਾਲਾਂ ਤੋਂ ਲਗਾਤਾਰ ਭੰਡਾਰਾ ਲਗਾਇਆ ਜਾ ਰਿਹਾ ਹੈ ਅਤੇ ਇਸ ਵਾਰ ਇਹ ਸੇਵਾ ਆਪਣੀ ਸਿਲਵਰ ਜੁਬਲੀ ਮਨਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਭੰਡਾਰਾ ਕੇਵਲ ਮੰਡਲ ਦਾ ਨਹੀਂ, ਸਗੋਂ ਸਮੂਹ ਜਗਰਾਉਂ ਵਾਸੀਆਂ ਦਾ ਹੈ ਅਤੇ ਇਸ ਦੀ ਸਫਲਤਾ ਲਈ ਹਰ ਭਗਤ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਮੰਡਲ ਵੱਲੋਂ ਕੀਤੀਆਂ ਧਾਰਮਿਕ ਅਤੇ ਸਮਾਜ ਸੇਵੀ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ।
ਮੰਡਲ ਦੇ ਪ੍ਰਧਾਨ ਰਕੇਸ਼ ਮੈਣੀ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਮਾਜ ਸੇਵੀ, ਧਾਰਮਿਕ, ਵਪਾਰਕ ਅਤੇ ਰਾਜਨੀਤਿਕ ਖੇਤਰਾਂ ਨਾਲ ਸੰਬੰਧਿਤ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਭਗਤਾਂ ਨੂੰ ਅਪੀਲ ਕੀਤੀ ਕਿ ਮਾਤਾ ਚਿੰਤਪੁਰਨੀ ਦੇ ਦਰਬਾਰ ਜਾਂਦੇ ਸਮੇਂ ਭੰਡਾਰੇ ਦਾ ਪ੍ਰਸਾਦ ਜ਼ਰੂਰ ਗ੍ਰਹਿਣ ਕਰਨ।
ਸਮਾਗਮ ਦਾ ਸੰਚਾਲਨ ਕੈਪਟਨ ਨਰੇਸ਼ ਵਰਮਾ ਨੇ ਕੀਤਾ। ਇਸ ਮੌਕੇ ਮੰਡਲ ਦੇ ਅਹੁਦੇਦਾਰਾਂ, ਪੈਟਰਨਾਂ, ਮੈਂਬਰਾਂ, ਸਹਿਯੋਗੀਆਂ ਅਤੇ ਵੱਡੀ ਗਿਣਤੀ ਵਿੱਚ ਮਾਤਾ ਦੇ ਭਗਤ ਹਾਜ਼ਰ ਸਨ। ਸੰਸਥਾ ਦੀ ਸਥਾਪਨਾ ਤੋਂ ਸਹਿਯੋਗ ਦੇਣ ਵਾਲੇ ਸਵਰਗਵਾਸੀ ਅਨਿਲ ਸ਼ਰਮਾ ਅਤੇ ਸਵਰਗਵਾਸੀ ਰਜਿੰਦਰ ਕੁਮਾਰ ਗੋਇਲ ਦੇ ਯੋਗਦਾਨ ਨੂੰ ਵੀ ਵਿਸ਼ੇਸ਼ ਤੌਰ 'ਤੇ ਯਾਦ ਕੀਤਾ ਗਿਆ।