ਜਗਰਾਉਂ:ਦਿਨੇਸ਼ ਸ਼ਰਮਾ
ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਹਲਕਾ ਜਗਰਾਉਂ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਵੱਲੋਂ ਇਲਾਕੇ ਦੀਆਂ ਦੋ ਪ੍ਰਮੁੱਖ ਅਤੇ ਅਤਿ-ਜ਼ਰੂਰੀ ਸਮੱਸਿਆਵਾਂ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ 'ਧਿਆਨ ਦਿਵਾਊ ਮਤੇ' (Calling Attention Motions) ਪੇਸ਼ ਕੀਤੇ ਗਏ। ਇਹਨਾਂ ਮਤਿਆਂ ਰਾਹੀਂ ਉਨ੍ਹਾਂ ਨੇ ਲੋਕ ਹਿੱਤ ਅਤੇ ਸੁਰੱਖਿਆ ਨਾਲ ਜੁੜੇ ਮਾਮਲਿਆਂ 'ਤੇ ਸਬੰਧਿਤ ਮੰਤਰੀਆਂ ਤੋਂ ਸਦਨ ਵਿੱਚ ਜਵਾਬ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ।
ਸਤਲੁਜ ਬੰਨ੍ਹ ਨੂੰ ਪੱਕਾ ਕਰਨ ਦੀ ਮੰਗ
ਪਹਿਲੇ ਮਤੇ ਰਾਹੀਂ ਵਿਧਾਇਕਾ ਮਾਣੂਕੇ ਨੇ ਦੱਸਿਆ ਕਿ ਪਿੰਡ ਬਾਘੀਆਂ ਤੋਂ ਪਿੰਡ ਸ਼ੇਰੇਵਾਲ ਤੱਕ ਸਤਲੁਜ ਦਰਿਆ ਦਾ ਲਗਭਗ ਢਾਈ ਕਿਲੋਮੀਟਰ ਬੰਨ੍ਹ ਅਜੇ ਵੀ ਕੱਚਾ ਹੈ। ਅਗਸਤ-ਸਤੰਬਰ 2025 ਦੇ ਭਾਰੀ ਹੜ੍ਹਾਂ ਦੌਰਾਨ ਇਸ ਬੰਨ੍ਹ ਕਾਰਨ ਪੈਦਾ ਹੋਏ ਖ਼ਤਰੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਵਲੰਟੀਅਰਾਂ ਅਤੇ ਲੋਕਾਂ ਨੇ ਬੋਰੀਆਂ ਭਰ ਕੇ ਸਖ਼ਤ ਮਿਹਨਤ ਨਾ ਕੀਤੀ ਹੁੰਦੀ, ਤਾਂ ਵੱਡੀ ਤਬਾਹੀ ਹੋ ਸਕਦੀ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਬੰਨ੍ਹ ਨੂੰ ਪੱਕਾ ਕਰਕੇ ਉੱਪਰ ਸੜਕ ਬਣਾਈ ਜਾਵੇ। ਇਸ ਨਾਲ ਜਿੱਥੇ ਬਾਘੀਆਂ, ਬਹਾਦਰਕੇ, ਸ਼ੇਰੇਵਾਲ, ਮੰਡ ਤਿਹਾੜਾ ਸਮੇਤ ਦਰਜਨਾਂ ਪਿੰਡਾਂ ਅਤੇ ਗੁਆਂਢੀ ਹਲਕੇ ਧਰਮਕੋਟ ਦੇ ਪਿੰਡਾਂ ਨੂੰ ਹੜ੍ਹਾਂ ਦੇ ਖ਼ਤਰੇ ਤੋਂ ਨਿਜਾਤ ਮਿਲੇਗੀ, ਉੱਥੇ ਹੀ ਸਕੂਲੀ ਬੱਚਿਆਂ ਅਤੇ ਆਮ ਲੋਕਾਂ ਲਈ ਆਉਣ-ਜਾਣ ਦਾ ਰਸਤਾ ਵੀ ਸੁਖਾਲਾ ਹੋ ਜਾਵੇਗਾ।
ਵਿਦਿਆਰਥਣਾਂ ਦੀ ਸੁਰੱਖਿਆ ਲਈ ਫੁੱਟ ਓਵਰ ਬ੍ਰਿਜ ਦੀ ਲੋੜ
ਦੂਜੇ ਮਤੇ ਰਾਹੀਂ ਉਨ੍ਹਾਂ ਨੇ ਜਗਰਾਉਂ ਸ਼ਹਿਰ ਦੇ ਤਹਿਸੀਲ ਰੋਡ 'ਤੇ ਸਥਿਤ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਅਤੇ ਸਕੂਲ ਆਫ਼ ਐਮੀਨੈਂਸ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦਾ ਮੁੱਖ ਰੋਡ ਹੋਣ ਕਾਰਨ ਇੱਥੇ ਟ੍ਰੈਫਿਕ ਦਾ ਭਾਰੀ ਦਬਾਅ ਰਹਿੰਦਾ ਹੈ ਅਤੇ ਵਾਹਨਾਂ ਦੀ ਤੇਜ਼ ਰਫ਼ਤਾਰ ਕਾਰਨ ਹਜ਼ਾਰਾਂ ਵਿਦਿਆਰਥਣਾਂ ਦੀ ਜਾਨ ਨੂੰ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਹੈ। ਕਿਸੇ ਵੀ ਅਣ-ਸੁਖਾਵੀਂ ਘਟਨਾ ਨੂੰ ਰੋਕਣ ਲਈ ਉਨ੍ਹਾਂ ਨੇ ਸਕੂਲਾਂ ਦੇ ਸਾਹਮਣੇ ਫੁੱਟ ਓਵਰ ਬ੍ਰਿਜ ਬਣਾਉਣ ਦੀ ਪੁਰਜ਼ੋਰ ਵਕਾਲਤ ਕੀਤੀ।
ਸਰਕਾਰ ਵੱਲੋਂ ਮਿਲਿਆ ਭਰੋਸਾ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਰਕਾਰ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਇਹਨਾਂ ਮੰਗਾਂ 'ਤੇ ਤੁਰੰਤ ਗੌਰ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਲਾਕਾ ਨਿਵਾਸੀਆਂ ਨੇ ਵਿਧਾਇਕਾ ਵੱਲੋਂ ਵਿਧਾਨ ਸਭਾ ਵਿੱਚ ਜ਼ਮੀਨੀ ਪੱਧਰ ਦੇ ਮੁੱਦਿਆਂ ਨੂੰ ਬੜੀ ਦਲੇਰੀ ਨਾਲ ਉਠਾਉਣ ਦੀ ਸ਼ਲਾਘਾ ਕੀਤੀ ਹੈ
Jagraon