ਸਿਹਤ ਵਿਭਾਗ ਦੀ ਵਿਸ਼ੇਸ਼ ਮੁਹਿੰਮ ਤਹਿਤ ਲੋਕਾਂ ਨੂੰ ਵੀ ਸਾਵਧਾਨੀਆਂ ਅਪਣਾਉਣ ਦੀ ਅਪੀਲ
ਜਗਰਾਉਂ, 11 ਅਗਸਤ
ਡੇਂਗੂ ਵਰਗੀਆਂ ਮੱਛਰ-ਜਨਿਤ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਜਗਰਾਉਂ ਸ਼ਹਿਰ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਤਹਿਤ ਸ਼ਹਿਰ ਦੇ ਵੱਖ-ਵੱਖ ਛੱਪੜਾਂ ਵਿੱਚ ਗੰਬੂਜੀਆ (Gambusia) ਮੱਛੀਆਂ ਛੱਡੀਆਂ ਗਈਆਂ, ਜੋ ਮੱਛਰਾਂ ਦੇ ਲਾਰਵੇ ਨੂੰ ਖਾ ਕੇ ਉਨ੍ਹਾਂ ਦੀ ਗਿਣਤੀ ਘਟਾਉਣ ਵਿੱਚ ਮਦਦਗਾਰ ਮੰਨੀਆਂ ਜਾਂਦੀਆਂ ਹਨ।
ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ (ਐਸ.ਐਮ.ਓ.) ਜਗਰਾਉਂ ਡਾ. ਅਮਨ ਸ਼ਰਮਾ ਦੀ ਅਗਵਾਈ ਹੇਠ, ਅੰਮ੍ਰਿਤਪਾਲ ਸਿੰਘ (ਐਮ.ਪੀ.ਐਚ.ਐਸ.) ਦੀ ਦੇਖ-ਰੇਖ ਵਿੱਚ ਐਂਟੀ ਲਾਰਵਾ ਸਕੀਮ ਜਗਰਾਉਂ ਦੇ ਸਟਾਫ ਨੇ ਇਹ ਮੁਹਿੰਮ ਚਲਾਈ।
ਸਿਹਤ ਵਿਭਾਗ ਅਨੁਸਾਰ ਗੰਬੂਜੀਆ ਮੱਛੀਆਂ ਮੱਛਰਾਂ ਦੇ ਲਾਰਵੇ ਨੂੰ ਖਾ ਕੇ ਉਨ੍ਹਾਂ ਦੀ ਪੈਦਾਵਾਰ ਨੂੰ ਘਟਾਉਣ ਵਿੱਚ ਪ੍ਰਭਾਵਸ਼ਾਲੀ ਸਾਬਤ ਹੁੰਦੀਆਂ ਹਨ। ਇਹ ਵਾਤਾਵਰਣ-ਅਨੁਕੂਲ ਅਤੇ ਜੈਵਿਕ ਤਰੀਕਾ ਹੈ, ਜਿਸ ਨਾਲ ਡੇਂਗੂ ਫੈਲਾਉਣ ਵਾਲੇ ਮੱਛਰਾਂ ਦੀ ਗਿਣਤੀ 'ਤੇ ਕਾਬੂ ਪਾਉਣ ਵਿੱਚ ਮਦਦ ਮਿਲਦੀ ਹੈ।
ਮੁਹਿੰਮ ਦੌਰਾਨ ਸਟਾਫ ਵੱਲੋਂ ਛੱਪੜਾਂ ਦੇ ਨੇੜੇ ਜਾਗਰੂਕਤਾ ਫਲੈਕਸ ਵੀ ਲਗਾਏ ਗਏ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਛੱਪੜਾਂ ਵਿੱਚ ਕਿਸੇ ਵੀ ਕਿਸਮ ਦਾ ਕੈਮੀਕਲ, ਤੇਲ ਜਾਂ ਹੋਰ ਹਾਨੀਕਾਰਕ ਪਦਾਰਥ ਨਾ ਪਾਇਆ ਜਾਵੇ, ਕਿਉਂਕਿ ਇਸ ਨਾਲ ਗੰਬੂਜੀਆ ਮੱਛੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਡੇਂਗੂ ਰੋਕਥਾਮ ਦੇ ਯਤਨਾਂ 'ਤੇ ਵੀ ਅਸਰ ਪੈ ਸਕਦਾ ਹੈ।
ਵਿਭਾਗ ਨੇ ਨਾਗਰਿਕਾਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ, ਕੂਲਰ, ਗਮਲੇ, ਟੈਂਕੀਆਂ ਅਤੇ ਹੋਰ ਪਾਣੀ ਵਾਲੇ ਭਾਂਡਿਆਂ ਦੀ ਨਿਯਮਿਤ ਸਫ਼ਾਈ ਕਰਨ ਅਤੇ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।