ਲੁਧਿਆਣਾ ਮੀਟਿੰਗ ਵਿੱਚ 18 ਅਗਸਤ ਨੂੰ ਬਰਨਾਲਾ ਵਿਖੇ ਸੂਬਾਈ ਇਕੱਤਰਤਾ ਵਿੱਚ ਸ਼ਮੂਲੀਅਤ ਦੀ ਅਪੀਲ
ਜਗਰਾਉਂ,ਸੰਜੀਵ ਮਲਹੋਤਰਾ
ਜਗਰਾਉਂ ਵਿੱਚ ਹੋਈ ਇਕ ਮੀਟਿੰਗ ਦੌਰਾਨ ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਪੰਜਾਬ ਦੇ ਆਗੂਆਂ ਨੇ ਭਾਰਤ-ਅਮਰੀਕਾ ਵਪਾਰ ਵਾਰਤਾ ਦੇ ਵਿਰੋਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਅਤੇ 18 ਅਗਸਤ ਨੂੰ ਬਰਨਾਲਾ ਦੇ ਤਰਕਸ਼ੀਲ ਭਵਨ ਵਿੱਚ ਹੋਣ ਵਾਲੀ ਸੂਬਾਈ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਪ੍ਰੈਸ ਨੂੰ ਜਾਰੀ ਜਾਣਕਾਰੀ ਅਨੁਸਾਰ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਵਾਰਤਾ ਨਾਲ ਭਾਰਤ ਦੀ ਖੇਤੀ ਮੰਡੀ ਵਿਦੇਸ਼ੀ ਵਸਤਾਂ ਲਈ ਹੋਰ ਖੁੱਲ੍ਹ ਸਕਦੀ ਹੈ, ਜਿਸ ਦਾ ਅਸਰ ਕਿਸਾਨਾਂ, ਸਨਅਤ, ਉਤਪਾਦਕਾਂ ਅਤੇ ਖਪਤਕਾਰਾਂ ਉੱਤੇ ਪੈਣ ਦਾ ਉਨ੍ਹਾਂ ਨੇ ਖਦਸ਼ਾ ਜਤਾਇਆ।
ਆਗੂਆਂ ਨੇ ਦਾਅਵਾ ਕੀਤਾ ਕਿ ਪਹਿਲਾਂ ਹੋਈਆਂ ਕੁਝ ਅੰਤਰਰਾਸ਼ਟਰੀ ਵਪਾਰ ਸੰਧੀਆਂ ਦੇ ਨਕਾਰਾਤਮਕ ਪ੍ਰਭਾਵ ਸਾਹਮਣੇ ਆਏ ਹਨ ਅਤੇ ਮੌਜੂਦਾ ਵਾਰਤਾ ਦੇ ਸੰਭਾਵਿਤ ਨਤੀਜੇ ਵੀ ਦੇਸ਼ ਦੀ ਆਰਥਿਕਤਾ ਲਈ ਚਿੰਤਾਜਨਕ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੂਬਾ ਪੱਧਰ 'ਤੇ ਮੀਟਿੰਗਾਂ ਅਤੇ ਇਕੱਤਰਤਾਵਾਂ ਕੀਤੀਆਂ ਜਾਣਗੀਆਂ।
ਮੀਟਿੰਗ ਵਿੱਚ ਲੋਕਾਂ ਨੂੰ 18 ਅਗਸਤ ਨੂੰ ਬਰਨਾਲਾ ਵਿਖੇ ਹੋਣ ਵਾਲੀ ਸੂਬਾਈ ਇਕੱਤਰਤਾ ਵਿੱਚ ਹਾਜ਼ਰੀ ਭਰਨ ਅਤੇ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਵੀ ਕੀਤੀ ਗਈ।