• Wednesday, 15 April 2026
Logo Logo
Advertisement
ਸਫ਼ਲਤਾ ਦੀ ਕਹਾਣੀ: ਭੁੱਲਰ ਭਰਾਵਾਂ ਦੀ ਮਿਹਨਤ ਨੂੰ ਪਿਆ ਬੂਰ; PDFA ਐਕਸਪੋ 'ਚ ਮਿਲਿਆ 'ਬੈਸਟ ਡੇਅਰੀ ਫਾਰਮ ਅਵਾਰਡ'

08 Feb 2026 | 404 Views

ਸਫ਼ਲਤਾ ਦੀ ਕਹਾਣੀ: ਭੁੱਲਰ ਭਰਾਵਾਂ ਦੀ ਮਿਹਨਤ ਨੂੰ ਪਿਆ ਬੂਰ; PDFA ਐਕਸਪੋ 'ਚ ਮਿਲਿਆ 'ਬੈਸਟ ਡੇਅਰੀ ਫਾਰਮ ਅਵਾਰਡ'

ਜਗਰਾਉਂ (ਦਰਪਣ ਲੁਧਿਆਣਾ ਨਿਊਜ਼):
ਕਹਿੰਦੇ ਹਨ ਕਿ ਜੇਕਰ ਮਿਹਨਤ ਸੱਚੀ ਹੋਵੇ ਤਾਂ ਸਫਲਤਾ ਪੈਰ ਚੁੰਮਦੀ ਹੈ। ਇਸ ਗੱਲ ਨੂੰ ਸੱਚ ਕਰ ਵਿਖਾਇਆ ਹੈ ਭੁੱਲਰ ਡੇਅਰੀ ਫਾਰਮ ਦੇ ਮਾਲਕ ਭੁੱਲਰ ਭਰਾਵਾਂ ਨੇ, ਜਿਨ੍ਹਾਂ ਨੇ ਜਗਰਾਉਂ ਵਿਖੇ ਚੱਲ ਰਹੇ 19ਵੇਂ ਅੰਤਰਰਾਸ਼ਟਰੀ ਡੇਅਰੀ ਅਤੇ ਖੇਤੀ ਐਕਸਪੋ (PDFA Expo 2026) ਦੌਰਾਨ ਵੱਕਾਰੀ ਸਨਮਾਨ ਹਾਸਲ ਕਰਕੇ ਡੇਅਰੀ ਜਗਤ ਵਿੱਚ ਆਪਣਾ ਲੋਹਾ ਮਨਵਾਇਆ ਹੈ।
ਐਕਸਪੋ ਦੇ ਦੂਜੇ ਦਿਨ, ਜਦੋਂ ਮੰਚ ਤੋਂ 'ਬੈਸਟ ਡੇਅਰੀ ਫਾਰਮ' ਲਈ ਜੇਤੂ ਦਾ ਨਾਮ ਐਲਾਨਿਆ ਗਿਆ, ਤਾਂ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ। ਇਹ ਅਵਾਰਡ ਭੁੱਲਰ ਡੇਅਰੀ ਫਾਰਮ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਦੋ ਸਕੇ ਭਰਾਵਾਂ— ਰੇਸ਼ਮ ਸਿੰਘ ਭੁੱਲਰ (ਜ਼ੀਰਾ) ਅਤੇ ਸਿਮਰਜੀਤ ਸਿੰਘ ਭੁੱਲਰ ਨੂੰ ਦਿੱਤਾ ਗਿਆ।
ਉਨ੍ਹਾਂ ਨੂੰ ਇਹ ਸਨਮਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਪੀਡੀਐਫਏ (PDFA) ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਆਪਣੇ ਕਰ ਕਮਲਾਂ ਨਾਲ ਭੇਟ ਕੀਤਾ। ਇਸ ਮੌਕੇ ਜਥੇਬੰਦੀ ਦੇ ਹੋਰ ਉੱਚ ਅਹੁਦੇਦਾਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਡੇਅਰੀ ਕਿੱਤੇ ਲਈ ਬਣੇ ਪ੍ਰੇਰਣਾ ਸਰੋਤ
ਭੁੱਲਰ ਭਰਾਵਾਂ ਦੀ ਇਹ ਪ੍ਰਾਪਤੀ ਸਿਰਫ਼ ਇੱਕ ਅਵਾਰਡ ਨਹੀਂ, ਸਗੋਂ ਪੰਜਾਬ ਦੇ ਉਹਨਾਂ ਨੌਜਵਾਨਾਂ ਲਈ ਇੱਕ ਮਿਸਾਲ ਹੈ ਜੋ ਡੇਅਰੀ ਫਾਰਮਿੰਗ ਨੂੰ ਇੱਕ ਸਹਾਇਕ ਧੰਦੇ ਵਜੋਂ ਵੇਖਦੇ ਹਨ। ਰੇਸ਼ਮ ਸਿੰਘ ਅਤੇ ਸਿਮਰਜੀਤ ਸਿੰਘ ਨੇ ਆਧੁਨਿਕ ਤਕਨੀਕਾਂ, ਬਿਹਤਰ ਪਸ਼ੂ ਪਾਲਣ ਅਤੇ ਦਿਨ-ਰਾਤ ਦੀ ਮਿਹਨਤ ਨਾਲ ਆਪਣੇ ਫਾਰਮ ਨੂੰ ਇੱਕ 'ਕਮਰਸ਼ੀਅਲ ਮਾਡਲ' ਵਜੋਂ ਵਿਕਸਤ ਕੀਤਾ ਹੈ।
ਪੀਡੀਐਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਭੁੱਲਰ ਭਰਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮਿਹਨਤੀ ਡੇਅਰੀ ਮਾਲਕ ਹੀ ਪੰਜਾਬ ਦੀ ਕਿਸਾਨੀ ਦਾ ਭਵਿੱਖ ਹਨ ਅਤੇ ਸੰਸਥਾ ਨੂੰ ਇਨ੍ਹਾਂ 'ਤੇ ਮਾਣ ਹੈ।
ਅਵਾਰਡ ਮਿਲਣ ਉਪਰੰਤ ਭੁੱਲਰ ਭਰਾਵਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਇਸ ਮੌਕੇ ਹਾਜ਼ਰ ਹੋਰਨਾਂ ਡੇਅਰੀ ਮਾਲਕਾਂ ਨੇ ਵੀ ਭੁੱਲਰ ਭਰਾਵਾਂ ਦੀ ਇਸ ਪ੍ਰਾਪਤੀ ਨੂੰ ਉਹਨਾਂ ਦੀ ਲਗਨ ਦਾ ਨਤੀਜਾ ਦੱਸਿਆ।

Published on: 08 Feb 2026

Dinesh Sharma
📣 Share this post

Latest News