ਜ਼ਿਲ੍ਹਾ ਸਿੱਖਿਆ ਅਫਸਰਾਂ, ਉਪ ਜ਼ਿਲ੍ਹਾ ਸਿੱਖਿਆ ਅਫਸਰਾਂ, ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਦੇ ਵੱਡੇ ਪੱਧਰ ’ਤੇ ਫੇਰਬਦਲ
ਚੰਡੀਗੜ੍ਹ, 7 ਜੂਨ (ਦਰਪਣ ਲੁਧਿਆਣਾ ਨਿਊਜ਼ ਬਿਊਰੋ):
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਰਕਾਰੀ ਸਕੂਲਾਂ ਅਤੇ ਸਿੱਖਿਆ ਪ੍ਰਸ਼ਾਸਨ ਵਿੱਚ ਵੱਡੇ ਪੱਧਰ ’ਤੇ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਪੀ.ਈ.ਐਸ.-1 ਕਾਡਰ ਨਾਲ ਸਬੰਧਤ 29 ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਸਿੱਖਿਆ ਵਿਭਾਗ ਦੀ ਸਿੱਖਿਆ-4 ਸ਼ਾਖਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰਾਂ, ਉਪ ਜ਼ਿਲ੍ਹਾ ਸਿੱਖਿਆ ਅਫਸਰਾਂ, ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਅਤੇ ਸਕੂਲਾਂ ਵਿੱਚ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਹੁਕਮਾਂ ਅਨੁਸਾਰ ਹਰਿੰਦਰ ਕੌਰ ਨੂੰ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਜਲੰਧਰ ਤੋਂ ਹੁਸ਼ਿਆਰਪੁਰ ਤਬਦੀਲ ਕੀਤਾ ਗਿਆ ਹੈ, ਜਦਕਿ ਰਾਜੇਸ਼ ਕੁਮਾਰ ਨੂੰ ਅੰਮ੍ਰਿਤਸਰ ਤੋਂ ਗੁਰਦਾਸਪੁਰ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਵਜੋਂ ਨਿਯੁਕਤ ਕੀਤਾ ਗਿਆ ਹੈ। ਅਨੀਲ ਸ਼ਰਮਾ ਨੂੰ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਗੁਰਦਾਸਪੁਰ ਵਜੋਂ ਨਵੀਂ ਤੈਨਾਤੀ ਦਿੱਤੀ ਗਈ ਹੈ।
ਵਿਭਾਗ ਵੱਲੋਂ ਕਈ ਪ੍ਰਿੰਸੀਪਲਾਂ ਨੂੰ ਸਿੱਖਿਆ ਪ੍ਰਸ਼ਾਸਨ ਵਿੱਚ ਲਿਆਂਦਾ ਗਿਆ ਹੈ। ਜਸਵੀਰ ਸਿੰਘ ਨੂੰ ਬਠਿੰਡਾ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਲਗਾਇਆ ਗਿਆ ਹੈ, ਜਦਕਿ ਰਵਿੰਦਰ ਕੌਰ ਨੂੰ ਤਰਨਤਾਰਨ ਵਿਖੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਲੇਰਕੋਟਲਾ ਵਿੱਚ ਕਮਲੇਸ਼ ਅਤੇ ਨਰੇਸ਼ ਕੁਮਾਰ ਨੂੰ ਆਪਣੇ ਮੌਜੂਦਾ ਅਹੁਦਿਆਂ ਦੇ ਨਾਲ ਵਾਧੂ ਤੌਰ ’ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਦਾ ਚਾਰਜ ਦਿੱਤਾ ਗਿਆ ਹੈ।
ਸੂਚੀ ਵਿੱਚ ਸਕੂਲ ਆਫ ਐਮੀਨੈਂਸ, ਪੀ.ਐਮ. ਸ਼੍ਰੀ ਸਕੂਲਾਂ ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਵੀ ਕਈ ਮਹੱਤਵਪੂਰਨ ਤਬਾਦਲੇ ਕੀਤੇ ਗਏ ਹਨ। ਕਵਿਤਾ ਮਿੱਤਲ ਨੂੰ ਪਟਿਆਲਾ ਤੋਂ ਡੇਰਾ ਬੱਸੀ, ਮਨਜੀਤ ਕੌਰ ਨੂੰ ਮੋਗਾ ਦੇ ਲੰਢੇਕੇ ਸਕੂਲ ਆਫ ਐਮੀਨੈਂਸ, ਕੁਲਵੀਰ ਕੌਰ ਨੂੰ ਧਾਂਦਰਾ (ਲੁਧਿਆਣਾ) ਅਤੇ ਬਲਜਿੰਦਰ ਕੌਰ ਨੂੰ ਗੁਰਦਾਸਪੁਰ ਦੇ ਪੀ.ਐਮ. ਸ਼੍ਰੀ ਸਕੂਲ ਵਿੱਚ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਗੋਤਮ ਖੁਰਾਨਾ, ਗੁਰਵਿੰਦਰ ਸਿੰਘ, ਦੀਪਮਾਲਾ, ਅਵਤਾਰ ਸਿੰਘ, ਮੀਨਾ ਭਾਰਤੀ, ਪਰਮਜੀਤ ਕੌਰ, ਦਰਸ਼ਨ ਲਾਲ, ਜਿਤਵੇਸ਼ ਕੁਮਾਰ, ਨਿਸ਼ਾ ਬਾਂਸਲ, ਅਜੇ ਕੁਮਾਰ, ਵਿਜੈ ਜਿੰਦਲ, ਮਹਿੰਦਰਪਾਲ ਕੌਰ, ਕਿਰਨਜੀਤ ਕੌਰ, ਜਸਵਿੰਦਰ ਕੌਰ, ਪ੍ਰਦੀਪ ਕੁਮਾਰ ਅਤੇ ਹਰਜੋਤ ਕੌਰ ਸਮੇਤ ਹੋਰ ਅਧਿਕਾਰੀਆਂ ਨੂੰ ਵੀ ਨਵੀਆਂ ਤੈਨਾਤੀਆਂ ਦਿੱਤੀਆਂ ਗਈਆਂ ਹਨ।
ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼ਹੀਦ ਭਗਤ ਸਿੰਘ ਨਗਰ ਵਜੋਂ ਤਾਇਨਾਤ ਲਖਬੀਰ ਸਿੰਘ ਨੂੰ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸਕੂਲ ਰਾਹੋਂ (ਕੰਨਿਆ) ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼ਹੀਦ ਭਗਤ ਸਿੰਘ ਨਗਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਵਿਭਾਗੀ ਹੁਕਮਾਂ ਮੁਤਾਬਕ ਕੁਝ ਤਬਾਦਲੇ ਆਪਸੀ ਸਹਿਮਤੀ ਦੇ ਆਧਾਰ ’ਤੇ ਅਤੇ ਕੁਝ ਖਾਲੀ ਅਸਾਮੀਆਂ ਨੂੰ ਭਰਨ ਲਈ ਕੀਤੇ ਗਏ ਹਨ। ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਨਵੀਆਂ ਤੈਨਾਤੀ ਵਾਲੀਆਂ ਥਾਵਾਂ ’ਤੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ।
ਸਿੱਖਿਆ ਖੇਤਰ ਦੇ ਜਾਣਕਾਰਾਂ ਅਨੁਸਾਰ ਇਹ ਫੇਰਬਦਲ ਸਰਕਾਰੀ ਸਕੂਲਾਂ ਵਿੱਚ ਪ੍ਰਬੰਧਕੀ ਕੁਸ਼ਲਤਾ ਵਧਾਉਣ, ਮਨੁੱਖੀ ਸਰੋਤਾਂ ਦੀ ਬਿਹਤਰ ਵਰਤੋਂ ਯਕੀਨੀ ਬਣਾਉਣ ਅਤੇ ਸਿੱਖਿਆ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ।