• Wednesday, 24 June 2026
Logo Logo
Advertisement
ਕਿਸਾਨ ਜਥੇਬੰਦੀਆਂ ਵੱਲੋਂ ਦੇਸ਼-ਪੱਧਰੀ ਰੋਸ ਪ੍ਰਦਰਸ਼ਨ ਦਾ ਐਲਾਨ

07 Jun 2026 | 22 Views

ਕਿਸਾਨ ਜਥੇਬੰਦੀਆਂ ਵੱਲੋਂ ਦੇਸ਼-ਪੱਧਰੀ ਰੋਸ ਪ੍ਰਦਰਸ਼ਨ ਦਾ ਐਲਾਨ

ਚੰਡੀਗੜ੍ਹ ਵਿੱਚ ਧਰਨਾ, ਪੰਜਾਬ ਦੇ 17 ਜ਼ਿਲ੍ਹਿਆਂ ਸਮੇਤ ਕਈ ਸੂਬਿਆਂ ਵਿੱਚ ਹੋਣਗੇ ਮੁਜ਼ਾਹਰੇ; ਯੂਰੀਆ ਖਾਦ ਦੀ ਕਮੀ ਅਤੇ ਡੀਜ਼ਲ ਕੀਮਤਾਂ ਮੁੱਖ ਮੁੱਦੇ

ਚੰਡੀਗੜ੍ਹ, 7 ਜੂਨ (ਦਰਪਣ ਲੁਧਿਆਣਾ ਨਿਊਜ਼ ਬਿਊਰੋ):

ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦੇਸ਼-ਪੱਧਰੀ ਰੋਸ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਯੂਨੀਅਨ ਏਕਤਾ ਡਕੌਂਦਾ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ ਕਰਨਗੀਆਂ।

ਉਨ੍ਹਾਂ ਦੱਸਿਆ ਕਿ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਸਮੇਤ ਕਈ ਸੂਬਿਆਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਪੰਧੇਰ ਮੁਤਾਬਕ ਸਿਰਫ਼ ਪੰਜਾਬ ਵਿੱਚ ਹੀ ਲਗਭਗ 17 ਜ਼ਿਲ੍ਹਿਆਂ ਵਿੱਚ ਕਿਸਾਨ ਧਰਨੇ ਅਤੇ ਮੁਜ਼ਾਹਰੇ ਕਰਨਗੇ, ਜਦਕਿ ਚੰਡੀਗੜ੍ਹ ਵਿੱਚ ਵੀ ਰੋਸ ਪ੍ਰਦਰਸ਼ਨ ਅਤੇ ਧਰਨਾ ਦਿੱਤਾ ਜਾਵੇਗਾ।

ਕਿਸਾਨ ਆਗੂ ਨੇ ਕਿਹਾ ਕਿ ਯੂਰੀਆ ਖਾਦ ਦੀ ਘਾਟ ਇਸ ਸਮੇਂ ਕਿਸਾਨਾਂ ਲਈ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਈ ਥਾਵਾਂ ’ਤੇ ਕਿਸਾਨਾਂ ਨੂੰ ਯੂਰੀਆ ਖਰੀਦਣ ਲਈ ਜਬਰਨ ਹੋਰ ਖੇਤੀ ਉਤਪਾਦ ਅਤੇ ਕੀਟਨਾਸ਼ਕ ਵੀ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਈ ਖੇਤਰਾਂ ਵਿੱਚ ਯੂਰੀਆ ਦੀ ਕਾਲਾਬਾਜ਼ਾਰੀ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।

ਪੰਧੇਰ ਨੇ ਕਿਹਾ ਕਿ ਖਾਦ ਦੀ ਕਮੀ ਸਿਰਫ਼ ਪੰਜਾਬ ਜਾਂ ਕਿਸੇ ਇੱਕ ਸੂਬੇ ਦੀ ਸਮੱਸਿਆ ਨਹੀਂ, ਸਗੋਂ ਰਾਸ਼ਟਰੀ ਪੱਧਰ ਦਾ ਗੰਭੀਰ ਮਸਲਾ ਬਣ ਚੁੱਕਾ ਹੈ। ਉਨ੍ਹਾਂ ਮੁਤਾਬਕ ਸਪਲਾਈ ਚੇਨ ਵਿੱਚ ਆ ਰਹੀਆਂ ਰੁਕਾਵਟਾਂ ਕਾਰਨ ਵੀ ਕਿਸਾਨਾਂ ਨੂੰ ਲੋੜੀਂਦੀ ਖਾਦ ਸਮੇਂ ਸਿਰ ਨਹੀਂ ਮਿਲ ਰਹੀ।

ਉਨ੍ਹਾਂ ਨੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕਮੀ ਨਾ ਹੋਣ ਦਾ ਮੁੱਦਾ ਵੀ ਉਠਾਇਆ। ਪੰਧੇਰ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਦੇਸ਼ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਉੱਚ ਪੱਧਰ ’ਤੇ ਹਨ, ਜਿਸ ਨਾਲ ਖੇਤੀ ਲਾਗਤ ਅਤੇ ਮਹਿੰਗਾਈ ਵਧ ਰਹੀ ਹੈ।

ਕਿਸਾਨ ਆਗੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਅਤੇ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਕਿਸਾਨ ਅਤੇ ਮਜ਼ਦੂਰ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ 4 ਜੁਲਾਈ ਨੂੰ ਵੀ ਚੰਡੀਗੜ੍ਹ ਵਿਖੇ ਵੱਡਾ ਰੋਸ ਪ੍ਰਦਰਸ਼ਨ ਅਤੇ ਧਰਨਾ ਦਿੱਤਾ ਜਾਵੇਗਾ।

Published on: 07 Jun 2026

Dinesh Sharma
📣 Share this post

Latest News