ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕੀਤਾ ਉਦਘਾਟਨ, 42 ਟੀਮਾਂ ਤਿੰਨ ਦਿਨ ਚਲਾਉਣਗੀਆਂ ਮੁਹਿੰਮ
ਜਗਰਾਓਂ, 28 ਜੂਨ (ਦਰਪਣ ਲੁਧਿਆਣਾ ਨਿਊਜ਼):
ਸਿਹਤ ਵਿਭਾਗ ਵੱਲੋਂ ਜਗਰਾਓਂ ਵਿੱਚ 28 ਤੋਂ 30 ਜੂਨ ਤੱਕ ਚੱਲਣ ਵਾਲੀ ਪਲਸ ਪੋਲਿਓ ਮੁਹਿੰਮ ਦੀ ਸ਼ੁਰੂਆਤ ਅੱਜ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾ ਕੇ ਕੀਤੀ ਗਈ।
ਸਿਵਲ ਸਰਜਨ ਡਾ. ਰਮਨਦੀਪ ਕੌਰ ਅਤੇ ਐਸ.ਐਮ.ਓ. ਡਾ. ਗੁਰਬਿੰਦਰ ਕੌਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਇਸ ਮੁਹਿੰਮ ਦੌਰਾਨ ਜਗਰਾਓਂ ਖੇਤਰ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ 7,815 ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ।
ਸਿਹਤ ਵਿਭਾਗ ਅਨੁਸਾਰ ਮੁਹਿੰਮ ਲਈ ਕੁੱਲ 42 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪਹਿਲੇ ਦਿਨ 35 ਬੂਥਾਂ 'ਤੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ, ਜਦਕਿ ਦੂਜੇ ਅਤੇ ਤੀਜੇ ਦਿਨ ਟੀਮਾਂ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲਿਓ ਦੀ ਖੁਰਾਕ ਦੇਣਗੀਆਂ। ਇਸ ਤੋਂ ਇਲਾਵਾ 5 ਟ੍ਰਾਂਜ਼ਿਟ ਟੀਮਾਂ ਅਤੇ 2 ਮੋਬਾਈਲ ਟੀਮਾਂ ਵੀ ਡਿਊਟੀ ਨਿਭਾਉਣਗੀਆਂ ਤਾਂ ਜੋ ਕੋਈ ਵੀ ਬੱਚਾ ਪੋਲਿਓ ਦੀ ਖੁਰਾਕ ਤੋਂ ਵਾਂਝਾ ਨਾ ਰਹਿ ਜਾਵੇ।
ਸਿਹਤ ਅਧਿਕਾਰੀਆਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਨੂੰ ਪੋਲਿਓ ਦੀ ਖੁਰਾਕ ਜ਼ਰੂਰ ਪਿਲਾਈ ਜਾਵੇ, ਤਾਂ ਜੋ ਪੋਲਿਓ ਮੁਕਤ ਸਮਾਜ ਦੇ ਟੀਚੇ ਨੂੰ ਸਫਲ ਬਣਾਇਆ ਜਾ ਸਕੇ।