ਜਗਰਾਉਂ-(ਸੰਜੀਵ ਮਲਹੋਤਰਾ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਜਗਰਾਓਂ ਬਲਾਕ ਦੀ ਇਕ ਮਹੱਤਵਪੂਰਨ ਮੀਟਿੰਗ ਦੌਰਾਨ ਕਰੀਬ ਡੇਢ ਦਰਜਨ ਪਿੰਡਾਂ ਦੇ ਕਿਸਾਨਾਂ ਨੇ 10 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਰਨਾਲਾ ਵਿਖੇ ਸੱਦੀ ਗਈ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਅਤੇ ਬਲਾਕ ਸਕੱਤਰ ਰਛਪਾਲ ਸਿੰਘ ਨਵਾਂ ਡੱਲਾ ਨੇ ਦੱਸਿਆ ਕਿ ਇਹ ਰੈਲੀ ਅਮਰੀਕਾ ਨਾਲ ਵਪਾਰ ਸਮਝੌਤੇ ਦੇ ਵਿਰੋਧ, ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਹਮਲੇ ਦੀ ਨਿੰਦਾ, ਸੰਸਦ ਵਿੱਚ ਪਾਸ ਹੋਣ ਜਾ ਰਹੇ ਬਿਜਲੀ ਐਕਟ ਅਤੇ ਬੀਜ ਐਕਟ ਨੂੰ ਰੱਦ ਕਰਾਉਣ, ਮਨਰੇਗਾ ਸਕੀਮ ਮੁੜ ਬਹਾਲ ਕਰਨ, ਕਿਰਤ ਕੋਡ ਰੱਦ ਕਰਕੇ ਪੁਰਾਣੇ ਕਿਰਤ ਕਾਨੂੰਨ ਲਾਗੂ ਕਰਨ, ਪੰਜਾਬ ਵਿੱਚ ਪਾਣੀ ਦੇ ਸੰਕਟ ਤੋਂ ਬਚਾਅ ਅਤੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਰੈਲੀ ਰਾਹੀਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਦੇ ਕੰਨ ਖੋਲ੍ਹੇ ਜਾਣਗੇ। ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਬਠਿੰਡਾ ਵਿੱਚ ਹੋਈ ਕਿਸਾਨ-ਮਜ਼ਦੂਰ ਲਲਕਾਰ ਰੈਲੀ ਨੇ ਪੁਲਿਸ ਨੂੰ ਜਬਰ ਦੇ ਰਾਹ ਤੋਂ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਸੀ।
ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਹਰ ਮੋਰਚੇ ’ਤੇ ਨਾਕਾਮ ਰਹੀਆਂ ਹਨ ਅਤੇ ਮਸਲਿਆਂ ਦਾ ਹੱਲ ਕਰਨ ਦੀ ਥਾਂ ਜਬਰ ਦਾ ਰਾਹ ਅਪਣਾ ਰਹੀਆਂ ਹਨ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਵੇਗਾ। ਇਸ ਮੌਕੇ ਗੁਰਦਾਸਪੁਰ ਵਿੱਚ ਝੂਠੇ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਨੌਜਵਾਨ ਰਣਜੀਤ ਸਿੰਘ ਦੇ ਕਤਲ ਦੀ ਕੜੀ ਨਿੰਦਾ ਕਰਦਿਆਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ ਗਈ।
ਮੀਟਿੰਗ ਦੌਰਾਨ ਨਿਰਮਲ ਸਿੰਘ ਭੰਮੀਪੁਰਾ, ਹਰਜਿੰਦਰ ਸਿੰਘ ਡੱਲਾ, ਆਤਮਾ ਸਿੰਘ ਭੰਮੀਪੂਰਾ ਸਮੇਤ ਹੋਰ ਆਗੂ ਅਤੇ ਕਿਸਾਨ ਵਰਕਰ ਹਾਜ਼ਰ ਸਨ।
Jagraon