• Tuesday, 23 June 2026
Logo Logo
Advertisement
4 ਜੁਲਾਈ ਦੇ ਚੰਡੀਗੜ੍ਹ ਕਿਸਾਨ ਰੋਸ ਪ੍ਰਦਰਸ਼ਨ ਨੂੰ ਸਫਲ ਬਣਾਉਣ ਲਈ ਡਕੌਂਦਾ ਜਥੇਬੰਦੀ ਵੱਲੋਂ ਲਾਮਬੰਦੀ

14 Jun 2026 | 221 Views

4 ਜੁਲਾਈ ਦੇ ਚੰਡੀਗੜ੍ਹ ਕਿਸਾਨ ਰੋਸ ਪ੍ਰਦਰਸ਼ਨ ਨੂੰ ਸਫਲ ਬਣਾਉਣ ਲਈ ਡਕੌਂਦਾ ਜਥੇਬੰਦੀ ਵੱਲੋਂ ਲਾਮਬੰਦੀ

ਰਾਏਕੋਟ ਵਿਖੇ ਹੋਈ ਜ਼ਿਲ੍ਹਾ ਮੀਟਿੰਗ ਵਿੱਚ ਕਿਸਾਨੀ ਮੰਗਾਂ, ਜ਼ਮੀਨ ਮਸਲਿਆਂ ਅਤੇ ਆਉਣ ਵਾਲੇ ਸੰਘਰਸ਼ਾਂ ਬਾਰੇ ਚਰਚਾ

ਜਗਰਾਉਂ ਸੰਜੀਵ ਮਲਹੋਤਰਾ

ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਜ਼ਿਲ੍ਹਾ ਲੁਧਿਆਣਾ ਦੀ ਵਧਵੀਂ ਮੀਟਿੰਗ ਗੁਰਦੁਆਰਾ ਟਾਹਲੀਆਣਾ ਸਾਹਿਬ, ਰਾਏਕੋਟ ਵਿਖੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

ਮੀਟਿੰਗ ਦੌਰਾਨ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਵਰਕਰਾਂ ਨੂੰ 4 ਜੁਲਾਈ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੇ ਕਿਸਾਨ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ। ਵੱਖ-ਵੱਖ ਬਲਾਕਾਂ ਦੇ ਨੁਮਾਇੰਦਿਆਂ ਨੇ ਬੱਸਾਂ ਅਤੇ ਨਿੱਜੀ ਵਾਹਨਾਂ ਰਾਹੀਂ ਚੰਡੀਗੜ੍ਹ ਪਹੁੰਚਣ ਦਾ ਭਰੋਸਾ ਦਿੱਤਾ।

ਉਨ੍ਹਾਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਾਂਝੇ ਤੌਰ 'ਤੇ ਕੀਤੇ ਜਾ ਰਹੇ ਇਸ ਰੋਸ ਪ੍ਰਦਰਸ਼ਨ ਵਿੱਚ ਕਿਸਾਨੀ ਅਤੇ ਲੋਕ ਹਿੱਤਾਂ ਨਾਲ ਜੁੜੇ ਕਈ ਮੁੱਦੇ ਉਠਾਏ ਜਾਣਗੇ। ਇਨ੍ਹਾਂ ਵਿੱਚ ਵਪਾਰਕ ਸਮਝੌਤਿਆਂ, ਐਮਐਸਪੀ, ਖੇਤੀ ਨੀਤੀ, ਹੜ੍ਹ ਅਤੇ ਗੜੇਮਾਰੀ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ੇ, ਬਿਜਲੀ ਅਤੇ ਬੀਜ ਐਕਟਾਂ ਸਮੇਤ ਹੋਰ ਮੰਗਾਂ ਸ਼ਾਮਲ ਹਨ।

ਮੀਟਿੰਗ ਦੌਰਾਨ ਜੁਮਲਾ ਮੁਸਤਰਕਾ ਜ਼ਮੀਨਾਂ ਦੇ ਮਸਲੇ 'ਤੇ ਵੀ ਚਰਚਾ ਹੋਈ। ਜਥੇਬੰਦੀ ਨੇ ਕਿਹਾ ਕਿ ਜੇਕਰ ਕਿਸਾਨ ਇਸ ਮਸਲੇ 'ਤੇ ਸੰਘਰਸ਼ ਲਈ ਤਿਆਰ ਹਨ ਤਾਂ ਜਥੇਬੰਦੀ ਉਨ੍ਹਾਂ ਦੇ ਨਾਲ ਖੜ੍ਹੇਗੀ। ਇਸ ਦੇ ਨਾਲ ਹੀ 16 ਜੂਨ ਨੂੰ ਮਾਨਸਾ ਜ਼ਿਲ੍ਹੇ ਦੇ ਕੁਲਰੀਆਂ ਵਿਖੇ ਚੱਲ ਰਹੇ ਜ਼ਮੀਨ ਬਚਾਓ ਮੋਰਚੇ ਵਿੱਚ ਲੁਧਿਆਣਾ ਜ਼ਿਲ੍ਹੇ ਵੱਲੋਂ ਵੱਡਾ ਜਥਾ ਭੇਜਣ ਦਾ ਫੈਸਲਾ ਵੀ ਕੀਤਾ ਗਿਆ।

ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਨੇ ਪਾਵਰਕੌਮ ਵੱਲੋਂ ਚਿੱਪ ਵਾਲੇ ਮੀਟਰ ਲਗਾਉਣ ਦੇ ਮਾਮਲੇ 'ਤੇ ਇਤਰਾਜ਼ ਜਤਾਉਂਦਿਆਂ ਖੇਤੀ ਮੋਟਰਾਂ ਦਾ ਘੱਟ ਰੇਟ 'ਤੇ ਲੋਡ ਵਧਾਉਣ ਲਈ ਯੋਜਨਾ ਲਿਆਂਦੀ ਜਾਣ ਦੀ ਮੰਗ ਕੀਤੀ। ਜ਼ਿਲ੍ਹਾ ਮੀਤ ਪ੍ਰਧਾਨ ਕਰਮਜੀਤ ਕਾਉਂਕੇ ਨੇ ਵਰਕਰਾਂ ਨੂੰ ਸੰਗਠਨਕ ਤੌਰ 'ਤੇ ਮਜ਼ਬੂਤ ਹੋਣ ਦਾ ਸੱਦਾ ਦਿੱਤਾ।

ਮੀਟਿੰਗ ਦੌਰਾਨ ਸੂਬਾ ਪ੍ਰਧਾਨ ਲਈ ਸੁਰੱਖਿਆ ਸੁਵਿਧਾਵਾਂ ਨਾਲ ਲੈਸ ਵਾਹਨ ਦੀ ਲੋੜ ਸਬੰਧੀ ਵੀ ਵਿਚਾਰ ਕੀਤਾ ਗਿਆ। ਇਸ ਮੌਕੇ ਮੀਤ ਪ੍ਰਧਾਨ ਰਾਏਕੋਟ ਅਮਨਦੀਪ ਸ਼ਰਮਾ ਨੇ ਨਵੇਂ ਵਾਹਨ ਲਈ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।

ਮੀਟਿੰਗ ਵਿੱਚ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਕਈ ਅਹੁਦੇਦਾਰਾਂ ਅਤੇ ਵਰਕਰਾਂ ਨੇ ਹਿੱਸਾ ਲਿਆ। ਅੰਤ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਸੀਲੋਆਣੀ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ।

Published on: 14 Jun 2026

Dinesh Sharma
📣 Share this post

Latest News