Skip to content

ਪੀ.ਯੂ. ਵਿਦਿਆਰਥਣਾਂ ਉੱਤੇ ਪੁਲਿਸ ਤਸ਼ੱਦਦ ਅਤੇ ਸਿੱਖਿਆ ਦੇ ਭਗਵਾਂਕਰਨ ਵਿਰੁੱਧ ਜਮਹੂਰੀ ਤਾਕਤਾਂ ਲਾਮਬੰਦ

ਪੰਜਾਬ ਯੂਨੀਵਰਸਿਟੀ ਵਿੱਚ ਏਬੀਵੀਪੀ ਸਮਾਗਮ ਦੌਰਾਨ ਵਿਰੋਧ ਕਰ ਰਹੀਆਂ ਵਿਦਿਆਰਥਣਾਂ ਨਾਲ ਪੁਲਿਸ ਦੀ ਬਦਸਲੂਕੀ ਉੱਤੇ ਇਨਕਲਾਬੀ ਕੇਂਦਰ ਪੰਜਾਬ ਨੇ ਸਖ਼ਤ ਨੋਟਿਸ ਲਿਆ ਹੈ। ਪੂਰੀ ਖ਼ਬਰ ਪੜ੍ਹੋ।

ਰਾਇਸ਼ੁਮਾਰੀ

ਪੰਜਾਬ ਵਿਧਾਨ ਸਭਾ 2027 ਵਿੱਚ ਕੌਣ ਬਣਾਏਗਾ ਮੁਖ ਮੰਤਰੀ?

ਇੱਕ ਵਿਕਲਪ ਚੁਣੋ
ਇਹ ਰਾਇਸ਼ੁਮਾਰੀ ਖੋਲ੍ਹੋ ਅਤੇ ਸਾਂਝੀ ਕਰੋ →
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਜਗਰਾਉਂ, (ਸੰਜੀਵ ਮਲਹੋਤਰਾ) ਪੰਜਾਬ ਯੂਨੀਵਰਸਿਟੀ ਦੇ ਪੀ.ਐੱਲ. ਆਨੰਦ ਆਡੀਟੋਰੀਅਮ ਵਿੱਚ ਏ.ਬੀ.ਵੀ.ਪੀ. ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਰਾਸ਼ਟਰ ਸੇਵਿਕਾ ਸਮਿਤੀ ਦੀ ਪੰਜਾਬ ਆਗੂ ਤਮੰਨਾ ਸ਼ਰਮਾ ਨੂੰ ਮੁੱਖ ਮਹਿਮਾਨ ਵਜੋਂ ਬੁਲਾਏ ਜਾਣ ਦਾ ਵਿਰੋਧ ਕਰ ਰਹੀਆਂ ਵਿਦਿਆਰਥੀ ਜਥੇਬੰਦੀਆਂ ਅਤੇ ਵਿਦਿਆਰਥਣਾਂ ਉੱਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦਾ 'ਇਨਕਲਾਬੀ ਕੇਂਦਰ ਪੰਜਾਬ' ਨੇ ਸਖ਼ਤ ਨੋਟਿਸ ਲਿਆ ਹੈ।

ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਵਿਦਿਆਰਥੀ ਜਥੇਬੰਦੀਆਂ ਯੂਨੀਵਰਸਿਟੀ ਕੈਂਪਸ ਵਿੱਚ ਸੱਜੇ-ਪੱਖੀ ਵਿਚਾਰਧਾਰਾ ਦੀ ਆਮਦ ਦਾ ਜਮਹੂਰੀ ਢੰਗ ਨਾਲ ਵਿਰੋਧ ਕਰ ਰਹੀਆਂ ਸਨ। ਪਰ ਪੁਲਿਸ ਨੇ ਸਭ ਹੱਦਾਂ ਪਾਰ ਕਰਦਿਆਂ ਵਿਦਿਆਰਥਣਾਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਅਤੇ ਉਨ੍ਹਾਂ ਨੂੰ ਕੱਪੜਿਆਂ ਤੋਂ ਫੜ ਕੇ ਬੁਰੀ ਤਰ੍ਹਾਂ ਘੜੀਸਿਆ। ਆਗੂਆਂ ਨੇ ਕਿਹਾ ਕਿ ਕਾਨੂੰਨ ਦੀ ਰਖਵਾਲੀ ਦਾ ਦਾਅਵਾ ਕਰਨ ਵਾਲੀ ਪੁਲਿਸ ਨੇ ਖ਼ੁਦ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ।

ਆਗੂਆਂ ਮੁਖਤਿਆਰ ਪੂਹਲਾ, ਜਸਵੰਤ ਜੀਰਖ ਅਤੇ ਜਗਜੀਤ ਲਹਿਰਾ ਮੁਹੱਬਤ ਨੇ ਦੋਸ਼ ਲਾਇਆ ਕਿ ਆਰ.ਐੱਸ.ਐੱਸ. ਵਿੱਦਿਅਕ ਅਦਾਰਿਆਂ ਵਿੱਚ ਆਪਣੇ ਏਜੰਡੇ ਤਹਿਤ ਫਿਰਕੂ ਫਾਸ਼ੀ ਸੋਚ ਨੂੰ ਲਾਗੂ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਯੂਨੀਵਰਸਿਟੀਆਂ ਵਿੱਚ ਅਜਿਹੇ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਅਤੇ NCERT ਵੱਲੋਂ ਸਕੂਲੀ ਪਾਠਕ੍ਰਮ ਵਿੱਚੋਂ ਇਤਿਹਾਸ ਅਤੇ ਵਿਗਿਆਨ ਦੇ ਅਹਿਮ ਅਧਿਆਏ ਹਟਾਏ ਜਾ ਰਹੇ ਹਨ।

ਆਗੂਆਂ ਨੇ ਮਿਸਾਲ ਦਿੰਦਿਆਂ ਕਿਹਾ ਕਿ 12ਵੀਂ ਜਮਾਤ ਦੇ ਇਤਿਹਾਸ ਵਿੱਚੋਂ ਮੁਗਲ ਸਾਮਰਾਜ ਨਾਲ ਜੁੜੇ ਅਧਿਆਏ, ਗਾਂਧੀ ਜੀ ਦੀ ਹੱਤਿਆ ਤੋਂ ਬਾਅਦ ਆਰ.ਐੱਸ.ਐੱਸ. 'ਤੇ ਲੱਗੀ ਰੋਕ ਦੇ ਸੰਦਰਭ, ਰਾਜਨੀਤੀ ਵਿਗਿਆਨ ਵਿੱਚੋਂ 2002 ਦੇ ਗੁਜਰਾਤ ਦੰਗਿਆਂ ਦੇ ਹਿੱਸੇ, ਅਤੇ ਵਿਗਿਆਨ ਦੀ ਕਿਤਾਬ ਵਿੱਚੋਂ ਡਾਰਵਿਨ ਦੇ ਵਿਕਾਸਵਾਦ ਦੇ ਸਿਧਾਂਤ ਸਮੇਤ ਕਈ ਮਹੱਤਵਪੂਰਨ ਵਿਸ਼ੇ ਸਿਲੇਬਸ ਵਿੱਚੋਂ ਹਟਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਨੀਤੀਆਂ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਹਨ।

ਇਨਕਲਾਬੀ ਕੇਂਦਰ ਪੰਜਾਬ ਨੇ ਐਲਾਨ ਕੀਤਾ ਕਿ ਜਥੇਬੰਦੀ ਵਿਦਿਆਰਥੀਆਂ ਦੇ ਇਸ ਹੱਕੀ ਅਤੇ ਜਮਹੂਰੀ ਸੰਘਰਸ਼ ਦੀ ਡਟ ਕੇ ਹਮਾਇਤ ਕਰੇਗੀ ਅਤੇ ਸਮੂਹ ਇਨਸਾਨਪਸੰਦ ਸ਼ਕਤੀਆਂ ਨੂੰ ਇਨ੍ਹਾਂ ਫਿਰਕੂ ਫਾਸ਼ੀ ਕਦਮਾਂ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।