ਜਗਰਾਉਂ: (ਸੰਜੀਵ ਮਲਹੋਤਰਾ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਦੇ ਵਫ਼ਦ ਨੇ ਐੱਸ.ਐੱਸ.ਪੀ. ਅੰਕੁਰ ਗੁਪਤਾ ਨਾਲ ਮੁਲਾਕਾਤ ਕਰਕੇ ਥਾਣਾ ਸਿਟੀ ਜਗਰਾਉਂ ਵਿੱਚ ਦਰਜ ਐੱਫ.ਆਈ.ਆਰ. ਨੰਬਰ 257, ਮਿਤੀ 13 ਅਕਤੂਬਰ 2026 ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਰੋਸ ਪ੍ਰਗਟਾਇਆ। ਵਫ਼ਦ ਨੇ ਪੁਲਿਸ ਤੋਂ ਮੁਲਜ਼ਮਾਂ ਖ਼ਿਲਾਫ਼ ਜਲਦ ਕਾਰਵਾਈ ਦੀ ਮੰਗ ਕੀਤੀ।
ਵਫ਼ਦ ਅਨੁਸਾਰ 9 ਅਕਤੂਬਰ ਦੀ ਰਾਤ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਪੁੱਤਰ ਇੰਦਰਪ੍ਰੀਤ ਸਿੰਘ ’ਤੇ ਕੁਝ ਵਿਅਕਤੀਆਂ ਵੱਲੋਂ ਮੋਟਰਸਾਈਕਲਾਂ ਅਤੇ ਕਾਰ ਰਾਹੀਂ ਪਿੱਛਾ ਕਰਕੇ ਹਮਲਾ ਕੀਤਾ ਗਿਆ ਸੀ। ਵਫ਼ਦ ਨੇ ਦੋਸ਼ ਲਾਇਆ ਕਿ ਬਚਾਅ ਦੌਰਾਨ ਕਿਸਾਨ ਯੂਨੀਅਨ ਦੀ ਸਕਾਰਪੀਓ ਗੱਡੀ ਦੀ ਭੰਨਤੋੜ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਹੋਣ ਦੇ ਬਾਵਜੂਦ ਸਾਰੇ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਕਿਸਾਨ ਆਗੂ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਐੱਸ.ਐੱਸ.ਪੀ. ਨੇ ਵਫ਼ਦ ਨੂੰ ਮਾਮਲੇ ਵਿੱਚ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ।
ਵਫ਼ਦ ਨੇ ਲੋਕ ਆਗੂ ਕੰਵਲਜੀਤ ਖੰਨਾ ਖ਼ਿਲਾਫ਼ ਕਥਿਤ ਜਾਅਲੀ ਫੇਸਬੁੱਕ ਖਾਤਾ ਬਣਾ ਕੇ ਕਿਰਦਾਰਕੁਸ਼ੀ ਕਰਨ ਦੇ ਮਾਮਲੇ ਵਿੱਚ ਵੀ ਕਾਰਵਾਈ ਦੀ ਮੰਗ ਕੀਤੀ। ਵਫ਼ਦ ਦਾ ਦੋਸ਼ ਸੀ ਕਿ ਸਾਈਬਰ ਸੈੱਲ ਵੱਲੋਂ ਸਬੰਧਤ ਵਿਅਕਤੀ ਦੀ ਪਛਾਣ ਕੀਤੇ ਜਾਣ ਅਤੇ ਉਸ ਵੱਲੋਂ ਮੁਆਫ਼ੀ ਮੰਗੇ ਜਾਣ ਦੇ ਬਾਵਜੂਦ ਅਜਿਹੀਆਂ ਹਰਕਤਾਂ ਮੁੜ ਕੀਤੀਆਂ ਜਾ ਰਹੀਆਂ ਹਨ। ਐੱਸ.ਐੱਸ.ਪੀ. ਨੇ ਮਾਮਲੇ ਦੀ ਜਾਂਚ ਕਰਕੇ ਆਈ.ਟੀ. ਐਕਟ ਤਹਿਤ ਕਾਰਵਾਈ ਦਾ ਭਰੋਸਾ ਦਿੱਤਾ।
ਵਫ਼ਦ ਵਿੱਚ ਕਿਸਾਨ ਆਗੂ ਤਰਸੇਮ ਸਿੰਘ ਬੱਸੂਵਾਲ, ਗੁਰਤੇਜ ਸਿੰਘ ਅਖਾੜਾ, ਗੁਰਦੀਪ ਸਿੰਘ ਸਨੀ, ਬਲਰਾਜ ਸਿੰਘ ਕੋਟਉਮਰਾ, ਜਗਵਿੰਦਰ ਸਿੰਘ ਤੂਰ, ਜਗਜੀਤ ਸਿੰਘ ਕਲੇਰ, ਬਲਵਿੰਦਰ ਸਿੰਘ ਕੋਠੇ ਪੋਨਾ, ਗੁਰਮੇਲ ਸਿੰਘ ਰੂਮੀ, ਹਰਦੇਵ ਸਿੰਘ ਅਖਾੜਾ, ਆਤਮਾ ਸਿੰਘ ਭੰਮੀਪੂਰਾ, ਮਜ਼ਦੂਰ ਆਗੂ ਦੇਵ ਰਾਜ ਅਤੇ ਮਦਨ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।