ਤੀਰਥ ਯਾਤਰੀ ਸਭਾਵਾਂ ਰਾਹੀਂ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਬਜ਼ੁਰਗਾਂ ਦਾ ਲਿਆ ਆਸ਼ੀਰਵਾਦ
ਲੋਕਾਂ ਵੱਲੋਂ ਮਿਲ ਰਹੇ ਪਿਆਰ ਅਤੇ ਸਹਿਯੋਗ ਨੂੰ ਦੱਸਿਆ ਆਪਣੀ ਤਾਕਤ
ਜਗਰਾਉਂ, 14 ਨਵੰਬਰ: (ਦਿਨੇਸ਼ ਸ਼ਰਮਾ) ਵਿਧਾਨ ਸਭਾ ਹਲਕਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਵੱਲੋਂ ਤੀਜੀ ਵਾਰ ਉਮੀਦਵਾਰ ਬਣਾਈ ਗਈ ਮੌਜੂਦਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਤੀਰਥ ਯਾਤਰੀ ਸਭਾਵਾਂ ਦੇ ਮਾਧਿਅਮ ਰਾਹੀਂ ਪਿੰਡਾਂ ਵਿੱਚ ਮੀਟਿੰਗਾਂ ਕਰਦਿਆਂ ਉਨ੍ਹਾਂ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਸਥਾਪਤ ਕਰਕੇ ਆਪਣੀ ਅਗਲੀ ਸਿਆਸੀ ਪਾਰੀ ਲਈ ਸਰਗਰਮੀਆਂ ਦੀ ਸ਼ੁਰੂਆਤ ਕੀਤੀ।
ਇਸ ਲੜੀ ਤਹਿਤ ਬਾਘੀਆਂ ਖੁਰਦ, ਬਹਾਦਰਕੇ, ਕੰਨੀਆਂ, ਹੁਸੈਨੀ, ਮੰਡ ਤਿਹਾੜਾ, ਸ਼ੇਰੇਵਾਲ, ਅਬੂਪੁਰਾ, ਜਨੇਤਪੁਰਾ, ਸੋਡੀਵਾਲ, ਲੀਲਾ, ਲੀਲਾ ਪੱਛਮੀ, ਸ਼ੇਖਦੌਲਤ ਅਤੇ ਫਤਿਹਗੜ੍ਹ ਸਿਵੀਆਂ ਸਮੇਤ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਵਿਧਾਇਕਾ ਮਾਣੂਕੇ ਨੇ ਇਨ੍ਹਾਂ ਇਕੱਠਾਂ ਦੌਰਾਨ ਮਿਲੇ ਹੁੰਗਾਰੇ, ਸਹਿਯੋਗ ਅਤੇ ਲੋਕਾਂ ਵੱਲੋਂ ਪ੍ਰਗਟਾਏ ਪਿਆਰ ਨੂੰ ਉਨ੍ਹਾਂ ਲਈ ਹੌਸਲੇ ਅਤੇ ਉਤਸ਼ਾਹ ਦਾ ਸਰੋਤ ਦੱਸਿਆ।
ਜ਼ਿਕਰਯੋਗ ਹੈ ਕਿ ਬੀਬੀ ਸਰਬਜੀਤ ਕੌਰ ਮਾਣੂਕੇ ਪਿਛਲੇ ਦਸ ਸਾਲਾਂ ਤੋਂ ਹਲਕਾ ਜਗਰਾਉਂ ਦੀ ਨੁਮਾਇੰਦਗੀ ਕਰ ਰਹੇ ਹਨ। ਤੀਜੀ ਵਾਰ ਪਾਰਟੀ ਵੱਲੋਂ ਟਿਕਟ ਮਿਲਣ ਨਾਲ ਉਨ੍ਹਾਂ ਸਾਹਮਣੇ ਮੁੜ ਚੋਣ ਮੈਦਾਨ ਵਿੱਚ ਆਪਣੀ ਸਿਆਸੀ ਪਕੜ ਸਾਬਤ ਕਰਨ ਦੀ ਚੁਣੌਤੀ ਹੈ। ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਤੀਜੀ ਵਾਰ ਵਿਧਾਨ ਸਭਾ ਵਿੱਚ ਪਹੁੰਚਣਾ ਉਨ੍ਹਾਂ ਦਾ ਮੁੱਖ ਚੋਣ ਨਿਸ਼ਾਨਾ ਹੋਵੇਗਾ।
