ਜਗਰਾਉਂ,(ਦਿਨੇਸ਼ ਸ਼ਰਮਾ) : ਸਵਰਗੀ ਸ੍ਰੀ ਸੁਸ਼ੀਲ ਕੁਮਾਰ ਜੈਨ ਜੀ ਦੀ ਨਿੱਘੀ ਯਾਦ ਵਿੱਚ ਭਾਰਤ ਵਿਕਾਸ ਪਰਿਸ਼ਦ ਬ੍ਰਾਂਚ ਜਗਰਾਉਂ ਅਤੇ ਕੁਦਰਤ ਦੇ ਰਾਖੇ ਚੈਰੀਟੇਬਲ ਟਰੱਸਟ ਜਗਰਾਉਂ ਵੱਲੋਂ ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ ਲੁਧਿਆਣਾ ਦੇ ਵਿਸ਼ੇਸ਼ ਸਹਿਯੋਗ ਨਾਲ ਅੱਜ 15 ਨਵੰਬਰ ਦਿਨ ਐਤਵਾਰ ਨੂੰ ਮੁਹੱਲਾ ਮਾਈ ਜੀਨਾ ਸਥਿਤ ਖ਼ਾਲਸਾ ਹਾਈ ਸਕੂਲ (ਲੜਕੇ) ਵਿਖੇ ਮੁਫ਼ਤ ਬਣਾਵਟੀ ਅੰਗਦਾਨ ਕੈਂਪ ਲਗਾਇਆ ਗਿਆ। ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਚੱਲੇ ਅੱਜ ਦੇ ਕੈਂਪ ਵਿੱਚ 65 ਦੇ ਕਰੀਬ ਦਿਵਿਆਂਗ ਵਿਅਕਤੀਆਂ ਦੇ ਬਣਾਵਟੀ ਅੰਗਾਂ ਦਾ ਨਾਪ ਲਿਆ ਗਿਆ ਹੈ, ਜਿਨ੍ਹਾਂ ਨੂੰ 2 ਦਸੰਬਰ ਨੂੰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੀ ਅੰਗ ਲਗਾਏ ਜਾਣਗੇ। ਮਾਹਿਰਾਂ ਦੀ ਟੀਮ ਵੱਲੋਂ ਲੋੜਵੰਦਾਂ ਨੂੰ ਮੁਫ਼ਤ ਬਣਾਵਟੀ ਅੰਗ, ਬਾਂਹ, ਲੱਤਾਂ, ਕੈਲੀਪਰ ਅਤੇ ਸੁਣਨ ਵਾਲੀਆਂ ਮਸ਼ੀਨਾਂ ਦੇਣ ਲਈ ਲੋੜੀਂਦੀ ਜਾਂਚ ਅਤੇ ਨਾਪ ਦੀ ਪ੍ਰਕਿਰਿਆ ਮੁਕੰਮਲ ਕੀਤੀ ਗਈ।
ਕੈਂਪ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਕੁਦਰਤ ਦੇ ਰਾਖੇ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਭੁਵਨ ਗੋਇਲ ਅਤੇ ਹਰਸ਼ ਜੈਨ ਨੇ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੁਵਨ ਗੋਇਲ ਨੇ ਕਿਹਾ ਕਿ ਉਹ ਪਹਿਲਾਂ ਵੀ ਜਗਰਾਉਂ ਵਿੱਚ ਅੱਖਾਂ ਅਤੇ ਹੋਰ ਮੈਡੀਕਲ ਕੈਂਪਾਂ ਵਿੱਚ ਸ਼ਾਮਲ ਹੁੰਦੇ ਰਹੇ ਹਨ, ਪਰ ਬਣਾਵਟੀ ਅੰਗਾਂ ਦਾ ਇਹ ਉਨ੍ਹਾਂ ਦਾ ਪਹਿਲਾ ਕੈਂਪ ਹੈ ਅਤੇ ਇੱਥੇ ਪਹੁੰਚੇ ਮਰੀਜ਼ਾਂ ਨੂੰ ਦੇਖ ਕੇ ਮਨ ਬੇਹੱਦ ਭਾਵੁਕ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਵਿਅਕਤੀ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਲੱਤਾਂ-ਬਾਹਾਂ ਸਲਾਮਤ ਹੋਣ ਦੀ ਕਦਰ ਨਹੀਂ ਸਮਝਦਾ, ਪਰ ਅੰਗਹੀਣ ਵਿਅਕਤੀਆਂ ਨੂੰ ਦੇਖ ਕੇ ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ। ਉਨ੍ਹਾਂ ਕੈਂਪ ਦੀ ਸਫਲਤਾ ਦਾ ਸਿਹਰਾ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਅਤੇ ਗਰਾਊਂਡ ਟੀਮ ਨੂੰ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ-ਪਿੰਡ ਅਤੇ ਸਕੂਲਾਂ ਤੱਕ ਸੁਨੇਹਾ ਪਹੁੰਚਾਉਣ ਸਦਕਾ ਹੀ ਵੱਡੀ ਗਿਣਤੀ ਵਿੱਚ ਲੋੜਵੰਦ ਇੱਥੇ ਪੁੱਜੇ ਹਨ। ਉਨ੍ਹਾਂ ਭਾਰਤ ਵਿਕਾਸ ਪਰਿਸ਼ਦ (ਰਿਸ਼ੀ ਨਗਰ, ਲੁਧਿਆਣਾ) ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਜੇਕਰ ਕਿਸੇ ਲੋੜਵੰਦ ਨੂੰ ਬਣਾਵਟੀ ਅੰਗ ਦੀ ਲੋੜ ਹੋਵੇ ਤਾਂ ਉਹ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ।
ਮੁੱਖ ਮਹਿਮਾਨ ਵਜੋਂ ਪੁੱਜੇ ਹਰਸ਼ ਜੈਨ ਨੇ ਕਿਹਾ ਕਿ ਜ਼ਮੀਨੀ ਪੱਧਰ (ਗਰਾਊਂਡ ਰਿਐਲਿਟੀ) 'ਤੇ ਅਜਿਹੇ ਕੈਂਪ ਲੱਗਣੇ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਅਸਲ ਲੋੜਵੰਦਾਂ ਤੱਕ ਮਦਦ ਪਹੁੰਚ ਸਕੇ। ਉਨ੍ਹਾਂ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਕਿ ਆਪਣੇ ਕਾਰੋਬਾਰੀ ਰੁਝੇਵਿਆਂ ਦੇ ਬਾਵਜੂਦ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।
ਕੁਦਰਤ ਦੇ ਰਾਖੇ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਕਨ੍ਹੱਈਆ ਗੁਪਤਾ ਬਾਂਕਾ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਕੈਂਪ ਵਿੱਚ ਅੱਠਵੀਂ ਜਮਾਤ ਦੀ ਇੱਕ ਵਿਦਿਆਰਥਣ ਵੀ ਆਈ ਹੈ, ਜਿਸ ਨੇ ਕਿਸੇ ਹਾਦਸੇ ਕਾਰਨ ਆਪਣੀ ਇਕ ਬਾਂਹ ਗਵਾ ਲਈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪਰਮਾਤਮਾ ਅੰਗ ਬਖ਼ਸ਼ਦਾ ਹੈ ਅਤੇ ਦੂਜੇ ਪਾਸੇ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਲੋੜਵੰਦ ਰੂਹਾਂ ਨੂੰ ਸਹਾਰਾ ਦੇਣ ਦਾ ਨੇਕ ਕਾਰਜ ਕਰ ਰਹੀਆਂ ਹਨ।
ਟਰੱਸਟ ਦੇ ਚੇਅਰਮੈਨ ਰਜਿੰਦਰ ਜੈਨ 'ਕਾਕਾ' ਨੇ ਸਵਰਗੀ ਸ੍ਰੀ ਸੁਸ਼ੀਲ ਕੁਮਾਰ ਜੈਨ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅੱਜ ਇਸ ਕੈਂਪ ਵਿੱਚ 'ਨਰ ਸੇਵਾ ਹੀ ਨਾਰਾਇਣ ਸੇਵਾ' ਦਾ ਸੰਕਲਪ ਸੱਚਮੁੱਚ ਸਾਰਥਕ ਹੁੰਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਜਾਂ ਬਿਮਾਰੀ ਕਾਰਨ ਅੰਗ ਗੁਆਉਣ ਵਾਲੇ ਵਿਅਕਤੀ ਸਰੀਰਕ ਦੇ ਨਾਲ-ਨਾਲ ਮਾਨਸਿਕ ਤੌਰ 'ਤੇ ਵੀ ਟੁੱਟ ਜਾਂਦੇ ਹਨ, ਇਸ ਲਈ ਸੰਸਥਾ ਵੱਲੋਂ ਉਨ੍ਹਾਂ ਨੂੰ ਸਿਰਫ਼ ਬਣਾਵਟੀ ਅੰਗ ਹੀ ਨਹੀਂ, ਸਗੋਂ ਮੁੜ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਹੌਸਲਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੁੱਖ ਮਹਿਮਾਨਾਂ ਹਰਸ਼ ਜੈਨ ਅਤੇ ਭੁਵਨ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੇਵਾ ਦੀ ਇਹ ਲੜੀ ਟੁੱਟਣ ਨਹੀਂ ਦਿੱਤੀ ਜਾਵੇਗੀ ਅਤੇ ਹਰ ਸਾਲ ਅਜਿਹਾ ਘੱਟੋ-ਘੱਟ ਇੱਕ ਕੈਂਪ ਜ਼ਰੂਰ ਲਗਾਇਆ ਜਾਵੇਗਾ।
ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਸਕੱਤਰ ਸੁਖਦੇਵ ਗਰਗ, ਕੈਸ਼ੀਅਰ ਸਤੀਸ਼ ਗਰਗ, ਪ੍ਰੋਜੈਕਟ ਚੇਅਰਮੈਨ ਡਾ. ਚੰਦਰ ਮੋਹਨ ਅਤੇ ਸਮੇਤ ਸਮੂਹ ਪ੍ਰਬੰਧਕੀ ਟੀਮ ਅਤੇ ਸਹਿਯੋਗੀ ਸੱਜਣ ਹਾਜ਼ਰ ਸਨ।
ਸਵਰਗੀ ਸੁਸ਼ੀਲ ਕੁਮਾਰ ਜੈਨ ਦੀ ਯਾਦ ਵਿੱਚ ਜਗਰਾਉਂ ਵਿਖੇ ਮੁਫ਼ਤ ਬਣਾਵਟੀ ਅੰਗਦਾਨ ਕੈਂਪ 65 ਦੇ ਕਰੀਬ ਦਿਵਿਆਂਗ ਵਿਅਕਤੀਆਂ ਦੇ ਲਏ ਨਾਪ; ਲੱਤਾਂ, ਬਾਹਾਂ, ਕੈਲੀਪਰ ਅਤੇ ਸੁਣਨ ਵਾਲੀਆਂ ਮਸ਼ੀਨਾਂ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ
ਸਵਰਗੀ ਸੁਸ਼ੀਲ ਕੁਮਾਰ ਜੈਨ ਦੀ ਯਾਦ ਵਿੱਚ ਜਗਰਾਉਂ ਵਿਖੇ ਲਗਾਏ ਕੈਂਪ ਵਿੱਚ 65 ਦੇ ਕਰੀਬ ਦਿਵਿਆਂਗ ਵਿਅਕਤੀਆਂ ਦੇ ਬਣਾਵਟੀ ਅੰਗਾਂ ਲਈ ਨਾਪ ਲਏ ਗਏ।