ਜਗਰਾਉਂ, (ਸੰਜੀਵ ਮਲਹੋਤਰਾ) ਖੇਡ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦੇ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ 'ਤੇ ਵੱਡੀ ਮੱਲ ਮਾਰਦਿਆਂ ਸਕੂਲ ਅਤੇ ਇਲਾਕੇ ਦਾ ਨਾਂ ਪੂਰੇ ਦੇਸ਼ ਵਿੱਚ ਰੌਸ਼ਨ ਕੀਤਾ ਹੈ। ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ (DAVCMC) ਦਿੱਲੀ ਵੱਲੋਂ ਨੋਇਡਾ ਵਿਖੇ ਕਰਵਾਈਆਂ ਗਈਆਂ ਨੈਸ਼ਨਲ ਖੇਡਾਂ ਦੌਰਾਨ ਸਕੂਲ ਦੇ ਪ੍ਰਤਿਭਾਵਾਨ ਖਿਡਾਰੀਆਂ ਨੇ ਵੁਸ਼ੂ, ਤੀਰਅੰਦਾਜ਼ੀ ਅਤੇ ਰੋਪ ਸਕਿੱਪਿੰਗ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 3 ਸੋਨੇ, 9 ਚਾਂਦੀ ਅਤੇ 3 ਕਾਂਸੀ ਦੇ ਤਮਗੇ ਆਪਣੇ ਨਾਂ ਕੀਤੇ।
ਸਕੂਲ ਦੇ ਪ੍ਰਿੰਸੀਪਲ ਡਾਕਟਰ ਵੇਦ ਵ੍ਰਤ ਪਲਾਹ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੁਸ਼ੂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਬੇਮਿਸਾਲ ਪ੍ਰਦਰਸ਼ਨ ਕੀਤਾ। ਅੰਡਰ-14 ਲੜਕੀਆਂ ਦੇ ਵਰਗ ਵਿੱਚ ਹਰਵੀਨ ਕੌਰ ਨੇ 36 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨੇ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ ਅੰਡਰ-14 ਲੜਕੀਆਂ ਵਿੱਚ ਕਵੀ ਸਚਦੇਵਾ (52 ਕਿਲੋ) ਨੇ ਚਾਂਦੀ ਦਾ ਤਮਗਾ ਹਾਸਲ ਕੀਤਾ। ਅੰਡਰ-17 ਲੜਕੀਆਂ ਵਿੱਚ ਅਰਲੀਨ ਕੌਰ (60 ਕਿਲੋ) ਅਤੇ ਸਰਬਜੀਤ ਕੌਰ (70 ਕਿਲੋ) ਨੇ ਕਾਂਸੀ ਦੇ ਤਮਗੇ ਜਿੱਤੇ, ਜਦਕਿ ਨਵਨੂਰ ਪਿਆ ਤੇਰਾ ਕੌਰ (56 ਕਿਲੋ) ਨੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ। ਅੰਡਰ-19 ਲੜਕੀਆਂ ਵਿੱਚ ਅਵਨੀਤ ਕੌਰ (60 ਕਿਲੋ) ਨੇ ਕਾਂਸੀ, ਅਕ੍ਰਿਤੀ (65 ਕਿਲੋ) ਨੇ ਚਾਂਦੀ ਦਾ ਤਮਗਾ ਹਾਸਲ ਕੀਤਾ।
ਲੜਕਿਆਂ ਦੇ ਮੁਕਾਬਲਿਆਂ ਵਿੱਚ ਵੀ ਖਿਡਾਰੀਆਂ ਨੇ ਧਾਕ ਜਮਾਈ। ਅੰਡਰ-17 ਵੁਸ਼ੂ ਲੜਕਿਆਂ ਵਿੱਚ ਬਵਨੀਤ ਸਿੰਘ (-65 ਕਿਲੋ) ਨੇ ਸੋਨੇ ਦਾ ਤਮਗਾ ਜਿੱਤਿਆ, ਜਦਕਿ ਅੰਸ਼ਮਨ ਕੁਮਾਰ (-52 ਕਿਲੋ) ਅਤੇ ਮਾਨਸ ਕੁਮਾਰ ਵਰਮਾ (-80 ਕਿਲੋ) ਨੇ ਸਿਲਵਰ ਮੈਡਲ ਹਾਸਲ ਕੀਤੇ। ਖ਼ਾਸ ਤੌਰ 'ਤੇ ਅੰਡਰ-17 ਲੜਕਿਆਂ ਅਤੇ ਲੜਕੀਆਂ ਦੋਵਾਂ ਦੀਆਂ ਵੁਸ਼ੂ ਟੀਮਾਂ ਨੇ 'ਸੈਕਿੰਡ ਰਨਰ ਅੱਪ' ਟਰਾਫੀਆਂ 'ਤੇ ਕਬਜ਼ਾ ਕੀਤਾ।
ਤੀਰਅੰਦਾਜ਼ੀ ਦੇ ਮੁਕਾਬਲਿਆਂ ਵਿੱਚ ਅੰਡਰ-17 ਲੜਕੀਆਂ ਦੇ ਕੰਪਾਊਂਡ ਰਾਊਂਡ ਵਿੱਚ ਅਨਵਿਕਾ ਸ਼ਰਮਾ ਨੇ ਸੋਨੇ ਦਾ ਤਮਗਾ ਜਿੱਤਿਆ। ਅੰਡਰ-17 ਲੜਕਿਆਂ ਦੇ ਕੰਪਾਊਂਡ ਰਾਊਂਡ ਵਿੱਚ ਕ੍ਰਿਸ਼ਵ ਗੁਪਤਾ ਅਤੇ ਭਵਈਸ਼ਵਰ ਸਿੰਘ ਨੇ ਚਾਂਦੀ ਦੇ ਤਮਗੇ ਹਾਸਲ ਕੀਤੇ, ਜਦਕਿ ਰਿਕਰਵ ਰਾਊਂਡ ਵਿੱਚ ਸ਼ੌਰਿਆ ਗੈਦੂ ਨੇ ਚਾਂਦੀ ਦਾ ਤਮਗਾ ਜਿੱਤਿਆ। ਰੋਪ ਸਕਿੱਪਿੰਗ ਵਿੱਚ ਅਰਜੁਨ ਜੈਨ (ਅੰਡਰ-17 ਲੜਕੇ) ਨੇ ਚਾਂਦੀ ਦਾ ਤਮਗਾ ਜਿੱਤ ਕੇ ਸਕੂਲ ਦੀ ਝੋਲੀ ਪਾਇਆ। ਇਸ ਦੇ ਨਾਲ ਹੀ ਐਰੋਬਿਕਸ ਅਤੇ ਕਰਾਟੇ ਦੀਆਂ ਟੀਮਾਂ/ਖਿਡਾਰੀਆਂ ਨੇ ਵੀ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ।
ਵਿਦਿਆਰਥੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਵਿੱਚ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਜਗਰਾਉਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ੍ਰੀ ਰਾਜ ਕੁਮਾਰ ਭੱਲਾ, ਸ੍ਰੀ ਘਨੱਈਆ ਗੁਪਤਾ (ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ), ਸ੍ਰੀ ਰਜਿੰਦਰ ਜੈਨ (ਕਾਕਾ), ਕੈਪਟਨ ਨਰੇਸ਼ ਵਰਮਾ, ਸ੍ਰੀ ਮੋਹਿਤ ਜੈਨ ਅਤੇ ਸ੍ਰੀ ਸੁਨੀਲ ਮੱਕੜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਨਮਾਨ ਭੇਟ ਕੀਤੇ।
ਪ੍ਰਿੰਸੀਪਲ ਡਾ. ਵੇਦ ਵ੍ਰਤ ਪਲਾਹ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਸ ਮੌਕੇ ਡੀ.ਪੀ.ਈ. ਹਰਦੀਪ ਸਿੰਘ ਬਿੰਜਲ, ਵੁਸ਼ੂ ਕੋਚ ਸੁਰਿੰਦਰ ਪਾਲ ਵਿੱਜ, ਸੁਰਿੰਦਰ ਕੌਰ ਤੂਰ, ਮੈਡਮ ਸ਼ਿਫਾਲੀ ਅਤੇ ਖੁਸ਼ਹਾਲ ਸਰ ਵੀ ਹਾਜ਼ਰ ਸਨ