ਜਗਰਾਉਂ, (ਸੰਜੀਵ ਮਲਹੋਤਰਾ) ਸਦਰ ਜਗਰਾਉਂ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਮਾਮਲੇ ਸਬੰਧੀ ਪੁਲਿਸ ਵੱਲੋਂ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸਾਂਝਾ ਕੀਤੀ ਗਈ ਰੋਜ਼ਾਨਾ ਕ੍ਰਾਈਮ ਰਿਪੋਰਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਜਗਰਾਉਂ ਦੇ ਜਾਂਚ ਅਧਿਕਾਰੀ ਏਐਸਆਈ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਸਬੰਧੀ ਥਾਣਾ ਖੇਤਰ ਵਿੱਚ ਗਸ਼ਤ ਕਰ ਰਹੀ ਸੀ। ਦੱਸਿਆ ਗਿਆ ਹੈ ਕਿ ਜਦੋਂ ਪੁਲਿਸ ਪਾਰਟੀ ਦੀ ਗੱਡੀ ਮੱਟ ਚੌਕ ਗਾਲਿਬ ਕਲਾਂ ਤੋਂ ਲਿੰਕ ਰੋਡ ਰਾਹੀਂ ਪਿੰਡ ਗਾਲਿਬ ਕਲਾਂ ਤੋਂ ਪਿੰਡ ਕਿੱਲੀ ਚਾਹਲਾਂ ਵੱਲ ਜਾ ਰਹੀ ਸੀ ਤਾਂ ਦਾਣਾ ਮੰਡੀ ਨੇੜੇ ਇੱਕ ਨੌਜਵਾਨ ਵਿਅਕਤੀ ਦਰੱਖਤਾਂ ਹੇਠ ਖੜ੍ਹਾ ਦਿਖਾਈ ਦਿੱਤਾ।
ਪੁਲਿਸ ਰਿਪੋਰਟ ਮੁਤਾਬਕ ਸ਼ੱਕ ਦੇ ਆਧਾਰ ‘ਤੇ ਉਕਤ ਨੌਜਵਾਨ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ, ਜਿਸ ਨੇ ਆਪਣੀ ਪਹਿਚਾਣ ਕੁਲਦੀਪ ਸਿੰਘ ਉਰਫ਼ ਗੱਗੂ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਕਾਉਕੇ ਖੋਸਾ, ਜ਼ਿਲ੍ਹਾ ਲੁਧਿਆਣਾ ਵਜੋਂ ਦੱਸੀ।
ਪੁਲਿਸ ਦੇ ਦਾਅਵੇ ਅਨੁਸਾਰ ਦੌਰਾਨੇ ਚੈਕਿੰਗ ਉਸ ਪਾਸੋਂ ਦੋ ਪੱਤਿਆਂ ਵਿੱਚ ਕੁੱਲ 18 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਨ੍ਹਾਂ ਵਿੱਚ ਇੱਕ ਪੱਤੇ ਵਿੱਚ 10 ਅਤੇ ਦੂਜੇ ਵਿੱਚ 8 ਗੋਲੀਆਂ ਸ਼ਾਮਲ ਸਨ। ਪੁਲਿਸ ਨੇ ਇਨ੍ਹਾਂ ਗੋਲੀਆਂ ਦੀ ਪਛਾਣ Tramadol Hydrochloride Tablets USP CLOVEDOL 100 SR Tablets ਵਜੋਂ ਕੀਤੀ ਹੈ।
ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।