• Wednesday, 3 June 2026
Logo Logo
Advertisement
ਅਕਾਲੀ ਦਲ ਨੇ ਨਗਰ ਕੌਂਸਲ ਚੋਣ ਨਤੀਜਿਆਂ ਦੀ ਕੀਤੀ ਸਮੀਖਿਆ, ਸੰਗਠਨ ਮਜ਼ਬੂਤੀ ਲਈ ਬਣਾਈ ਜਾਵੇਗੀ ਨਵੀਂ ਰਣਨੀਤੀ

02 Jun 2026 | 10 Views

ਅਕਾਲੀ ਦਲ ਨੇ ਨਗਰ ਕੌਂਸਲ ਚੋਣ ਨਤੀਜਿਆਂ ਦੀ ਕੀਤੀ ਸਮੀਖਿਆ, ਸੰਗਠਨ ਮਜ਼ਬੂਤੀ ਲਈ ਬਣਾਈ ਜਾਵੇਗੀ ਨਵੀਂ ਰਣਨੀਤੀ

ਐਸ.ਆਰ. ਕਲੇਰ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਬੈਠਕ ਵਿੱਚ ਵਰਕਰਾਂ ਨਾਲ ਕੀਤਾ ਗਿਆ ਵਿਚਾਰ-ਵਟਾਂਦਰਾ

ਪਾਰਟੀ ਆਗੂਆਂ ਨੇ ਜਨਤਾ ਨਾਲ ਸੰਪਰਕ ਹੋਰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ 'ਤੇ ਸੰਗਠਨ ਨੂੰ ਸਰਗਰਮ ਬਣਾਉਣ 'ਤੇ ਦਿੱਤਾ ਜ਼ੋਰ

ਜਗਰਾਉਂ, 2 ਜੂਨ (ਦਿਨੇਸ਼ ਸ਼ਰਮਾ) ਹਾਲ ਹੀ ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਅਤੇ ਪਾਰਟੀ ਦੀ ਕਾਰਗੁਜ਼ਾਰੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਇੱਕ ਵਿਸ਼ੇਸ਼ ਬੈਠਕ ਪਾਰਟੀ ਦੇ ਕੋਰ ਕਮੇਟੀ ਮੈਂਬਰ ਐਸ.ਆਰ. ਕਲੇਰ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਬੈਠਕ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

ਬੈਠਕ ਦੌਰਾਨ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਅਤੇ ਵੱਖ-ਵੱਖ ਵਾਰਡਾਂ ਵਿੱਚ ਮਿਲੇ ਨਤੀਜਿਆਂ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਗਿਆ। ਇਸ ਮੌਕੇ ਐਸ.ਆਰ. ਕਲੇਰ ਨੇ ਚੋਣਾਂ ਦੌਰਾਨ ਸਾਹਮਣੇ ਆਈਆਂ ਚੁਣੌਤੀਆਂ, ਕਮਜ਼ੋਰੀਆਂ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਦੂਰ ਕਰਨ ਲਈ ਲੋੜੀਂਦੇ ਕਦਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਬੈਠਕ ਦੌਰਾਨ ਪਾਰਟੀ ਦੀ ਮੌਜੂਦਾ ਸਥਿਤੀ ਸਬੰਧੀ ਸਵੈ ਪੜਚੋਲ ਕਰਦਿਆਂ ਇਹ ਵੀ ਵਿਚਾਰਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਜਨਤਾ ਨਾਲ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਲਈ ਕਿਹੜੀਆਂ ਯੋਜਨਾਵਾਂ ਅਮਲ ਵਿੱਚ ਲਿਆਂਦੀਆਂ ਜਾਣ। ਐਸ.ਆਰ. ਕਲੇਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਉਸ ਦਾ ਜ਼ਮੀਨੀ ਪੱਧਰ ਦਾ ਵਰਕਰ ਹੈ, ਜੋ ਲੋਕਾਂ ਦੇ ਦੁੱਖ-ਸੁੱਖ ਵਿੱਚ ਸਾਂਝੀਵਾਲ ਬਣਦਾ ਆਇਆ ਹੈ।

ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਇਲਾਕਿਆਂ ਵਿੱਚ ਲੋਕਾਂ ਨਾਲ ਨਿਰੰਤਰ ਰਾਬਤਾ ਬਣਾਈ ਰੱਖਣ ਅਤੇ ਜਨ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਰਹਿਣ। ਬੈਠਕ ਵਿੱਚ ਪਾਰਟੀ ਦੇ ਪ੍ਰਚਾਰ ਅਤੇ ਪਾਸਾਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਨਵੀਂ ਰਣਨੀਤੀ ਤਿਆਰ ਕਰਨ ਅਤੇ ਨੌਜਵਾਨਾਂ, ਮਹਿਲਾਵਾਂ ਅਤੇ ਸਮਾਜ ਦੇ ਹਰ ਵਰਗ ਤੱਕ ਪਾਰਟੀ ਦੀ ਵਿਚਾਰਧਾਰਾ ਪਹੁੰਚਾਉਣ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਹੈ ਅਤੇ ਹਰ ਵਰਕਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਾਰਟੀ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਏ।

ਬੈਠਕ ਦੇ ਅੰਤ ਵਿੱਚ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਨ, ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਉਠਾਉਣ ਅਤੇ ਭਵਿੱਖ ਦੀਆਂ ਰਾਜਨੀਤਿਕ ਚੁਣੌਤੀਆਂ ਲਈ ਤਿਆਰੀ ਨਾਲ ਕੰਮ ਕਰਨ ਦਾ ਅਹਿਦ ਲਿਆ ਗਿਆ।

Published on: 02 Jun 2026

Dinesh Sharma
📣 Share this post

Latest News