ਜਗਰਾਉਂ,(ਸੰਜੀਵ ਮਲਹੋਤਰਾ) ਨਾਰੰਗਵਾਲ ਇਲਾਕੇ ਵਿੱਚ ਰਿਸ਼ਤੇਦਾਰਾਂ ਵਿਚਾਲੇ ਹੋਏ ਕਥਿਤ ਝਗੜੇ ਅਤੇ ਕੁੱਟਮਾਰ ਦੇ ਮਾਮਲੇ ਵਿੱਚ ਥਾਣਾ ਜੋਧਾਂ ਪੁਲਿਸ ਵੱਲੋਂ ਪਤੀ-ਪਤਨੀ ਅਤੇ ਉਨ੍ਹਾਂ ਦੇ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸਾਂਝਾ ਕੀਤੀ ਗਈ ਰੋਜ਼ਾਨਾ ਕ੍ਰਾਈਮ ਰਿਪੋਰਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਜਾਂਚ ਏਐਸਆਈ ਗੁਰਮੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਮਨਜਿੰਦਰ ਸਿੰਘ ਗਰੇਵਾਲ ਪੁੱਤਰ ਬਲਵੀਰ ਸਿੰਘ ਵਾਸੀ ਨਾਰੰਗਵਾਲ ਨੇ ਦੱਸਿਆ ਕਿ ਮਿਤੀ 06 ਮਈ 2026 ਨੂੰ ਕਰੀਬ 6:45 ਵਜੇ ਸ਼ਾਮ ਉਹ ਆਪਣੇ ਰੋਆਇਲ ਇਨਫੀਲਡ ਮੋਟਰਸਾਈਕਲ ‘ਤੇ ਪੰਚ ਬਲਜੀਤ ਸਿੰਘ ਦੇ ਘਰ ਜਾ ਰਿਹਾ ਸੀ।
ਮੁਦਈ ਦੇ ਬਿਆਨਾਂ ਮੁਤਾਬਕ ਜਦੋਂ ਉਹ ਪਿੰਡ ਦੇ ਸਕੂਲ ਤੋਂ ਕੁਝ ਅੱਗੇ ਪੁੱਜਿਆ ਤਾਂ ਉਸ ਦੀ ਚਾਚੀ ਲਖਵਿੰਦਰ ਕੌਰ ਪਤਨੀ ਜਗਤਾਰ ਸਿੰਘ ਨੇ ਕਥਿਤ ਤੌਰ ‘ਤੇ ਉਸ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਸ ਤੋਂ ਬਾਅਦ ਲਖਵਿੰਦਰ ਕੌਰ, ਉਸ ਦੇ ਪਤੀ ਜਗਤਾਰ ਸਿੰਘ ਅਤੇ ਪੁੱਤਰ ਜੁਝਾਰ ਸਿੰਘ ਨੇ ਮਿਲ ਕੇ ਉਸ ਨੂੰ ਸੜਕ ‘ਤੇ ਘੇਰ ਲਿਆ ਅਤੇ ਕਥਿਤ ਤੌਰ ‘ਤੇ ਕੁੱਟਮਾਰ ਕੀਤੀ।
ਬਿਆਨਾਂ ਅਨੁਸਾਰ ਜਦੋਂ ਮਨਜਿੰਦਰ ਸਿੰਘ ਨੇ ਰੌਲਾ ਪਾਇਆ ਤਾਂ ਉਸ ਦਾ ਦੋਸਤ ਦੀਪਇੰਦਰ ਸਿੰਘ ਮੌਕੇ ‘ਤੇ ਪੁੱਜਿਆ। ਮੁਦਈ ਨੇ ਦੋਸ਼ ਲਗਾਇਆ ਕਿ ਉਕਤ ਤਿੰਨਾਂ ਨੇ ਦੀਪਇੰਦਰ ਸਿੰਘ ਨਾਲ ਵੀ ਕਥਿਤ ਤੌਰ ‘ਤੇ ਧੱਕਾਮੁੱਕੀ ਅਤੇ ਕੁੱਟਮਾਰ ਕੀਤੀ ਅਤੇ ਉਸ ਨੂੰ ਘਰ ਅੰਦਰ ਖਿੱਚ ਕੇ ਲਿਜਾਣ ਦੀ ਕੋਸ਼ਿਸ਼ ਕੀਤੀ।
ਪੁਲਿਸ ਰਿਪੋਰਟ ਮੁਤਾਬਕ ਉਕਤ ਬਿਆਨਾਂ ਦੇ ਆਧਾਰ ‘ਤੇ ਜਗਤਾਰ ਸਿੰਘ ਪੁੱਤਰ ਸੁਰਜੀਤ ਸਿੰਘ, ਉਸ ਦੀ ਪਤਨੀ ਲਖਵਿੰਦਰ ਕੌਰ ਅਤੇ ਪੁੱਤਰ ਜੁਝਾਰ ਸਿੰਘ ਵਾਸੀ ਨਾਰੰਗਵਾਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।