ਰੋਡ ਸ਼ੋ ਆਮਨੇ-ਸਾਮਨੇ ਆਉਣ ਤੋਂ ਬਾਅਦ ਵਧਿਆ ਤਣਾਅ • ਆਪ ਉਮੀਦਵਾਰ ਸੁਨੈਨਾ ਮਲਹੋਤਰਾ ਸਮੇਤ ਕਈ ਵਰਕਰਾਂ ਦੇ ਜਖਮੀ ਹੋਣ ਦਾ ਦਾਅਵਾ • ਪੁਲਿਸ ਵੱਲੋਂ ਜਾਂਚ ਜਾਰੀ
ਜਗਰਾਓਂ, 25 ਮਈ —ਚਰਨਜੀਤ ਸਿੰਘ ਚੰਨ
ਨਗਰ ਕੌਂਸਲ ਚੋਣ ਪ੍ਰਚਾਰ ਦੇ ਆਖਰੀ ਦਿਨ ਜਗਰਾਓਂ ਦੇ ਮੋਰੀਗੇਟ ਸਥਿਤ ਗੁਰਦੁਆਰਾ ਗੁਰੂ ਨਾਨਕਪੁਰਾ ਨੇੜੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਝੜਪ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਦੋਹਾਂ ਪਾਰਟੀਆਂ ਦੇ ਉਮੀਦਵਾਰ ਆਪਣੇ-ਆਪਣੇ ਸਮਰਥਕਾਂ ਨਾਲ ਰੋਡ ਸ਼ੋ ਕਰ ਰਹੇ ਸਨ।
ਮੌਕੇ ’ਤੇ ਮੌਜੂਦ ਲੋਕਾਂ ਦੇ ਦਾਅਵਿਆਂ ਅਨੁਸਾਰ ਦੋਹਾਂ ਧਿਰਾਂ ਦੇ ਰੋਡ ਸ਼ੋ ਗੁਰਦੁਆਰਾ ਗੁਰੂ ਨਾਨਕਪੁਰਾ ਨੇੜੇ ਆਮੋ-ਸਾਮਣੇ ਆ ਗਏ, ਜਿਸ ਤੋਂ ਬਾਅਦ ਪਹਿਲਾਂ ਬਹਿਸਬਾਜ਼ੀ ਹੋਈ ਅਤੇ ਫਿਰ ਮਾਮਲਾ ਝੜਪ ਵਿੱਚ ਤਬਦੀਲ ਹੋ ਗਿਆ। ਕੁਝ ਲੋਕਾਂ ਵੱਲੋਂ ਡੰਡੇ, ਸੋਟੀਆਂ ਅਤੇ ਇੱਟਾਂ-ਰੋੜੇ ਚਲਾਏ ਜਾਣ ਦੇ ਵੀ ਦਾਅਵੇ ਕੀਤੇ ਗਏ ਹਨ।
ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਨੈਨਾ ਮਲਹੋਤਰਾ, ਸਾਜਨ ਮਲਹੋਤਰਾ, ਮਨਿੰਦਰ ਤਲਵਾੜ, ਵਿਕਾਸ ਮਲੋਤਰਾ ਅਤੇ ਹੋਰ ਵਰਕਰਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਕਈ ਵਰਕਰ ਜਖਮੀ ਹੋਏ ਹਨ। ਉਹਨਾਂ ਦਾ ਦਾਅਵਾ ਹੈ ਕਿ ਉਹਨਾਂ ਵੱਲੋਂ ਸਥਿਤੀ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਦੂਜੇ ਪਾਸੇ ਤੋਂ ਗਾਲੀ-ਗਲੌਚ ਅਤੇ ਧੱਕਾਮੁੱਕੀ ਕੀਤੀ ਗਈ। ਆਪ ਆਗੂਆਂ ਮੁਤਾਬਕ ਸੁਨੈਨਾ ਮਲਹੋਤਰਾ ਦੇ ਭਰਾ ਦੇ ਸਿਰ ’ਤੇ ਵੀ ਸੱਟ ਲੱਗੀ ਹੈ।
ਆਪ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਮੌਕੇ ’ਤੇ ਮੌਜੂਦ ਮਹਿਲਾਵਾਂ ਅਤੇ ਬੱਚਿਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਅੰਦਰ ਲਿਜਾਇਆ ਗਿਆ। ਉਹਨਾਂ ਦਾਅਵਾ ਕੀਤਾ ਕਿ ਜੇਕਰ ਤੁਰੰਤ ਇਹ ਕਦਮ ਨਾ ਚੁੱਕਿਆ ਜਾਂਦਾ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਸੀ।
ਦੂਜੇ ਪਾਸੇ ਜਦੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਨੀਤਾ ਰਾਣੀ ਦੇ ਸਪੁੱਤਰ, ਸਾਬਕਾ ਕੌਂਸਲਰ ਅਤੇ ਐਡਵੋਕੇਟ ਹਿਮਾਂਸ਼ੂ ਮਲਿਕ ਨਾਲ ਇਸ ਮਾਮਲੇ ਸਬੰਧੀ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਇਸ ਮਾਮਲੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਗਿਆ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੀ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੀ ਪਾਰਟੀ ਦੇ ਉਮੀਦਵਾਰ ਅਤੇ ਵਰਕਰ ਸ਼ਾਂਤੀਮਈ ਢੰਗ ਨਾਲ ਰੋਡ ਸ਼ੋ ਕਰ ਰਹੇ ਸਨ ਅਤੇ ਉਹਨਾਂ ਉੱਤੇ ਹਮਲਾ ਕੀਤਾ ਗਿਆ। ਉਹਨਾਂ ਪੁਲਿਸ ਪ੍ਰਸ਼ਾਸਨ ਕੋਲ ਮਾਮਲੇ ਦੀ ਨਿਰਪੱਖ ਜਾਂਚ ਅਤੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਹਨਾਂ ਦੱਸਿਆ ਕਿ ਪੁਲਿਸ ਨੂੰ ਦੋ ਧਿਰਾਂ ਵਿਚਾਲੇ ਝਗੜੇ ਦੀ ਸੂਚਨਾ ਮਿਲੀ ਸੀ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
“ਮਾਮਲੇ ਸਬੰਧੀ ਅਗਲੀ ਜਾਂਚ ਸੰਬੰਧਿਤ ਪੁਲਿਸ ਅਧਿਕਾਰੀਆਂ ਵੱਲੋਂ ਜਾਰੀ ਹੈ ਅਤੇ ਜਾਂਚ ਤੋਂ ਬਾਅਦ ਹੀ ਪੂਰੀ ਸਥਿਤੀ ਸਪਸ਼ਟ ਹੋ ਸਕੇਗੀ। ਇਸ ਮਾਮਲੇ ਵਿੱਚ ਜੇਕਰ ਦੂਜੀ ਧਿਰ ਵੱਲੋਂ ਆਪਣਾ ਪੱਖ ਜਾਂ ਕੋਈ ਅਧਿਕਾਰਿਕ ਪ੍ਰਤੀਕਿਰਿਆ ਅਦਾਰੇ ਨਾਲ ਸਾਂਝੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਵੀ ਪੱਤਰਕਾਰੀ ਮਰਿਆਦਾ ਅਤੇ ਸੰਤੁਲਿਤ ਰਿਪੋਰਟਿੰਗ ਦੇ ਮੱਦੇਨਜ਼ਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।”