ਜਗਰਾਉਂ, 11 ਮਈ (ਦਿਨੇਸ਼ ਸ਼ਰਮਾ)
ਜਗਰਾਉਂ ਸ਼ਹਿਰ ਵਿੱਚ ਸਫਾਈ ਸੇਵਕ ਯੂਨੀਅਨ ਅਤੇ ਮਿਊਂਸੀਪਲ ਐਕਸ਼ਨ ਕਮੇਟੀ ਪੰਜਾਬ ਵੱਲੋਂ ਚਲਾਇਆ ਜਾ ਰਿਹਾ ਸੰਘਰਸ਼ ਐਤਵਾਰ ਨੂੰ ਛੇਵੇਂ ਦਿਨ ਵਿੱਚ ਦਾਖਲ ਹੋ ਗਿਆ। ਇਸ ਦੌਰਾਨ ਸਫਾਈ ਸੇਵਕਾਂ, ਸੀਵਰਮੈਨਾਂ, ਮਿਊਂਸੀਪਲ ਕਾਮਿਆਂ, ਕੰਪਿਊਟਰ ਆਪਰੇਟਰਾਂ, ਪੰਪ ਆਪਰੇਟਰਾਂ, ਬੇਲਦਾਰਾਂ, ਮਾਲੀਆਂ, ਇਲੈਕਟ੍ਰੀਸ਼ਨਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਜਗਰਾਉਂ ਸ਼ਹਿਰ ਵਿੱਚ ਵੱਡੀ ਰੋਸ ਰੈਲੀ ਕੱਢ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਰੋਸ ਰੈਲੀ ਨਗਰ ਕੌਂਸਲ ਜਗਰਾਉਂ ਤੋਂ ਸ਼ੁਰੂ ਹੋ ਕੇ ਕਮਲ ਚੌਂਕ, ਕੁੱਕੜ ਚੌਂਕ, ਮੇਨ ਦਰਵਾਜ਼ਾ, ਨਲਕਿਆ ਵਾਲਾ ਚੌਂਕ, ਫਿੱਲੀ ਗੇਟ, ਰਾਏਕੋਟ ਅੱਡਾ ਅਤੇ ਅੰਬੇਦਕਰ ਚੌਂਕ ਤੋਂ ਹੁੰਦੀ ਹੋਈ ਝਾਂਸੀ ਰਾਣੀ ਚੌਂਕ ਵਿੱਚ ਸਮਾਪਤ ਹੋਈ। ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ “ਛੇਵਾਂ ਦਿਨ ਹੜਤਾਲ ਦਾ — ਫਿਟੇ ਮੂੰਹ ਸਰਕਾਰ ਦਾ” ਵਰਗੇ ਨਾਅਰੇ ਲਗਾਏ ਗਏ।
ਰੈਲੀ ਦੌਰਾਨ ਕੁਝ ਮੁੱਖ ਚੌਂਕਾਂ ਵਿੱਚ ਪ੍ਰਤੀਕਾਤਮਕ ਤੌਰ ‘ਤੇ ਝਾੜੂ ਨੂੰ ਤੀਲਾ-ਤੀਲਾ ਕਰਕੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਗੁੱਸਾ ਪ੍ਰਗਟਾਇਆ ਗਿਆ। ਇਸ ਮੌਕੇ ਸ਼ਹਿਰ ਦੀਆਂ ਕਈ ਸਮਾਜਿਕ, ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਰੋਸ ਰੈਲੀ ਵਿੱਚ ਸ਼ਮੂਲੀਅਤ ਕਰਦਿਆਂ ਸਫਾਈ ਸੇਵਕਾਂ ਦੀਆਂ ਮੰਗਾਂ ਅਤੇ ਸ਼ਹਿਰ ਦੇ ਕੂੜੇ ਦੇ ਪੱਕੇ ਹੱਲ ਲਈ ਆਪਣਾ ਸਮਰਥਨ ਜਤਾਇਆ।
ਝਾਂਸੀ ਰਾਣੀ ਚੌਂਕ ਵਿੱਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਦਾ ਹੱਲ ਗੱਲਬਾਤ ਰਾਹੀਂ ਕੀਤਾ ਜਾਣਾ ਚਾਹੀਦਾ ਹੈ ਅਤੇ ਭਵਿੱਖ ਵਿੱਚ ਵੀ ਉਹ ਇਸ ਸੰਘਰਸ਼ ਨੂੰ ਸਮਰਥਨ ਦੇਣਗੇ।
ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਅਰੁਣ ਗਿੱਲ ਨੇ ਕੁਝ ਰਾਜਨੀਤਿਕ ਆਗੂਆਂ ਵੱਲੋਂ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਕਥਿਤ ਕੋਸ਼ਿਸ਼ਾਂ ‘ਤੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਫਾਈ ਸੇਵਕਾਂ ਦੀ ਹੱਕੀ ਲੜਾਈ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਯੂਨੀਅਨ ਵੀ ਆਪਣੇ ਹੱਕਾਂ ਦੀ ਰਾਖੀ ਲਈ ਸਖਤ ਫੈਸਲੇ ਲੈ ਸਕਦੀ ਹੈ।
ਰੋਸ ਰੈਲੀ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਕਮਲਜੀਤ ਖੰਨਾ, ਨਗਰ ਸੁਧਾਰ ਸਭਾ ਜਗਰਾਉਂ ਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ, ਫੂਡ ਐਂਡ ਅਲਾਇਡ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਬਿੱਲਾ, ਸੈਂਟਰਲ ਵਾਲਮੀਕ ਸਭਾ ਦੇ ਅਮਿਤ ਕਲਿਆਣ, ਸਾਂਝਾ ਪੈਨਸ਼ਨ ਫਰੰਟ ਦੇ ਅਸ਼ੋਕ ਭੰਡਾਰੀ, ਗਰੀਨ ਮਿਸ਼ਨ ਪੰਜਾਬ ਦੇ ਸਤਪਾਲ ਸਿੰਘ ਦੇਹੜਕਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਇੰਦਰਜੀਤ ਧਾਲੀਵਾਲ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਕਾਮੇ ਮੌਜੂਦ ਰਹੇ।