ਜਗਰਾਉਂ, (ਸੰਜੀਵ ਮਲਹੋਤਰਾ) ਸ਼ਹਿਰ ਵਿੱਚ ਇੱਕ ਨਾਬਾਲਿਗ ਲੜਕੀ ਦੇ ਲਾਪਤਾ ਹੋਣ ਸਬੰਧੀ ਥਾਣਾ ਸਿਟੀ ਜਗਰਾਉਂ ਪੁਲਿਸ ਵੱਲੋਂ ਨਾ-ਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ।
ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸਾਂਝਾ ਕੀਤੀ ਗਈ ਰੋਜ਼ਾਨਾ ਕ੍ਰਾਈਮ ਰਿਪੋਰਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਜਾਂਚ ਏਐਸਆਈ ਨਰਿੰਦਰ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਮੁਦਈ ਨੇ ਦੱਸਿਆ ਕਿ ਉਸ ਦੀ ਲੜਕੀ, ਜਿਸ ਦੀ ਜਨਮ ਮਿਤੀ 23 ਨਵੰਬਰ 2011 ਹੈ ਅਤੇ ਜੋ ਆਦਰਸ਼ ਕੰਨਿਆ ਸਕੂਲ ਜਗਰਾਉਂ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਹੈ, ਮਿਤੀ 05 ਮਈ 2026 ਨੂੰ ਕਰੀਬ ਦੁਪਹਿਰ 12 ਵਜੇ ਘਰੋਂ ਬਿਨਾਂ ਦੱਸੇ ਚਲੀ ਗਈ ਸੀ।
ਪਰਿਵਾਰ ਵੱਲੋਂ ਆਪਣੇ ਪੱਧਰ ‘ਤੇ ਲੜਕੀ ਦੀ ਭਾਲ ਕੀਤੀ ਗਈ, ਪਰ ਬਾਅਦ ਵਿੱਚ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਕੋਈ ਨਾ-ਮਾਲੂਮ ਵਿਅਕਤੀ ਕਥਿਤ ਤੌਰ ‘ਤੇ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ-ਫੁਸਲਾ ਕੇ ਆਪਣੇ ਨਾਲ ਲੈ ਗਿਆ ਹੈ।
ਪੁਲਿਸ ਰਿਪੋਰਟ ਮੁਤਾਬਕ ਉਕਤ ਬਿਆਨਾਂ ਦੇ ਆਧਾਰ ‘ਤੇ ਨਾ-ਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।