• Wednesday, 15 April 2026
Logo Logo
Advertisement
ਘਰੇਲੂ ਗੈਸ ਸਿਲੰਡਰਾਂ ਦੀ ਸੰਭਾਵਿਤ ਗਲਤ ਵਰਤੋਂ ਸਬੰਧੀ ਮਾਮਲਾ ਸਾਹਮਣੇ, ਮੈਦਾਨੀ ਪੜਤਾਲ ਦੌਰਾਨ ਅਣਿਯਮਿਤਤਾਵਾਂ ਦੇ ਸੰਕੇਤ

27 Mar 2026 | 181 Views

ਘਰੇਲੂ ਗੈਸ ਸਿਲੰਡਰਾਂ ਦੀ ਸੰਭਾਵਿਤ ਗਲਤ ਵਰਤੋਂ ਸਬੰਧੀ ਮਾਮਲਾ ਸਾਹਮਣੇ, ਮੈਦਾਨੀ ਪੜਤਾਲ ਦੌਰਾਨ ਅਣਿਯਮਿਤਤਾਵਾਂ ਦੇ ਸੰਕੇਤ

ਮੀਡੀਆ ਟੀਮ ਨਾਲ ਤਕਰਾਰ ਦੀ ਘਟਨਾ ਵੀ ਚਰਚਾ ‘ਚ, ਪ੍ਰਸ਼ਾਸਨ ਕੋਲ ਜਾਂਚ ਦੀ ਮੰਗ

ਜਗਰਾਉਂ, (ਸੋਨੀ ਸ਼ੇਰਪੁਰੀ):ਸ਼ਹਿਰ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਉਪਲਬਧਤਾ ਨੂੰ ਲੈ ਕੇ ਉੱਠ ਰਹੀਆਂ ਚਿੰਤਾਵਾਂ ਦੇ ਦਰਮਿਆਨ, ਕੁਝ ਥਾਵਾਂ ‘ਤੇ ਇਨ੍ਹਾਂ ਦੀ ਸੰਭਾਵਿਤ ਗਲਤ ਵਰਤੋਂ ਅਤੇ ਗੈਰ-ਅਧਿਕਾਰਤ ਤਰੀਕੇ ਨਾਲ ਪ੍ਰਾਪਤੀ ਸਬੰਧੀ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਵੱਲੋਂ ਕੀਤੀ ਗਈ ਮੈਦਾਨੀ ਪੜਤਾਲ ਦੌਰਾਨ ਕੁਝ ਅਜਿਹੇ ਤੱਥ ਸਾਹਮਣੇ ਆਉਣ ਦੇ ਦਾਅਵੇ ਕੀਤੇ ਗਏ ਹਨ, ਜਿਨ੍ਹਾਂ ਦੀ ਅਧਿਕਾਰਕ ਪੁਸ਼ਟੀ ਹੋਣੀ ਬਾਕੀ ਹੈ।
ਪੜਤਾਲ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਖਾਣ-ਪੀਣ ਨਾਲ ਸੰਬੰਧਿਤ ਰੇਹੜੀਆਂ ਅਤੇ ਕੁਝ ਵਪਾਰਕ ਇਕਾਈਆਂ ‘ਤੇ ਘਰੇਲੂ (ਲਾਲ) ਗੈਸ ਸਿਲੰਡਰਾਂ ਦੀ ਸੰਭਾਵਿਤ ਵਪਾਰਕ ਵਰਤੋਂ ਕੀਤੇ ਜਾਣਾ ਕੈਮਰੇ ਵਿੱਚ ਕੈਦ ਹੋਇਆ।ਕੁਝ ਰੇਹੜੀ ਵਾਲਿਆਂ ਨੇ ਦੱਬੀ ਆਵਾਜ਼ ਚ ਆਪਣੀ ਪਛਾਣ ਉਜਾਗਰ ਨਾ ਕਰਨ ਦੀ ਸ਼ਰਤ ਤੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਸਿਲੰਡਰ ਆਮ ਦਰਾਂ ਤੋਂ ਵੱਧ ਕੀਮਤ ‘ਤੇ ਮਿਲਦੇ ਹਨ। 
ਇਸ ਤੋਂ ਇਲਾਵਾ, ਇੱਕ ਸਥਾਨਕ ਖਾਣ-ਪੀਣ ਨਾਲ ਜੁੜੀ ਇਕਾਈ ਸਬੰਧੀ ਭਰੋਸੇ ਯੋਗ ਸੂਤਰਾਂ  ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਕਿ ਉੱਥੇ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਦੋਂ ਪੱਤਰਕਾਰਾਂ ਵੱਲੋਂ ਇਸਦੀ ਪੜਤਾਲ ਕੀਤੀ ਗਈ ਤਾਂ ਪਾਇਆ ਗਿਆ ਕਿ ਘਰੇਲੂ ਇਲਾਕੇ ਵਿੱਚ ਹੀ ਕਮਰਸ਼ੀਅਲ ਤੌਰ ਤੇ ਮਿਠਿਆਈਆਂ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਜਿੱਥੇ ਕਿ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕੀਤੇ ਜਾਣ ਦੇ ਨਾਲ ਨਾਲ 18 ਸਾਲ ਤੋਂ ਘੱਟ ਉਮਰ ਦਾ ਇੱਕ ਬੱਚਾ ਵੀ ਕੰਮ ਕਰਦਾ ਦਿਖਾਈ ਦਿੱਤਾ। ਜਿਸ ਦੀਆਂ ਤਸਵੀਰਾਂ ਮੀਡੀਆ ਟੀਮ ਵੱਲੋਂ ਆਪਣੇ ਕੈਮਰੇ ਵਿੱਚ ਕੈਦ ਕੀਤੀਆਂ ਗਈਆਂ। ਮੌਕੇ ਤੇ ਮੌਜੂਦ ਪੱਤਰਕਾਰ ਜਦੋਂ ਇਸ ਸਬੰਧੀ ਦੁਕਾਨਦਾਰ ਦਾ ਪੱਖ ਜਾਨਣ ਲਈ ਉਕਤ ਦੁਕਾਨ ਦੇ ਮਾਲਿਕ ਦੀ ਦੁਕਾਨ ਤੇ ਪੁੱਜੇ ਤਾਂ ਉੱਥੇ ਵੀ ਵੱਡੀ ਹੈਰਾਨੀ ਉਸ ਵੇਲੇ ਹੋਈ ਜਦੋਂ ਦੁਕਾਨ ਦੇ ਬਾਹਰ ਹੀ ਘਰੇਲੂ ਗੈਸ ਸਿਲੰਡਰ ਦੀ ਬਿਨਾਂ ਕਿਸੇ ਪ੍ਰਸ਼ਾਸਨਿਕ ਡਰ ਤੋਂ ਦੁਰਵਰਤੋਂ ਹੁੰਦੀ ਦਿਖਾਈ ਦਿੱਤੀ। ਪੱਤਰਕਾਰਾਂ ਨੇ ਜਦੋਂ ਇਸਦੀ ਤਸਵੀਰ ਆਪਣੇ ਮੋਬਾਈਲ ਫੋਨ ਦੇ ਕੈਮਰੇ ਵਿੱਚ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨਦਾਰ ਅੱਗ ਬਬੂਲਾ ਹੋ ਉਠਿਆ ਅਤੇ ਪੱਤਰਕਾਰਾਂ ਨਾਲ ਦੁਰ ਵਿਵਹਾਰ ਕਰਦੇ ਹੋਏ ਨੇ ਮੋਬਾਈਲ ਫੋਨ ਖੋ ਲਿਆ ਅਤੇ ਟੀਮ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਬਦਸਲੂਕੀ ਹੋਣ ਦੀ ਸਥਿਤੀ ਵੀ ਬਣੀ। ਹਾਲਾਂਕਿ, ਇਸ ਮਾਮਲੇ ਵਿੱਚ ਦੁਕਾਨਦਾਰ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਘਰੇਲੂ ਗੈਸ ਸਲੰਡਰਾਂ ਦੀ ਵਪਾਰਕ ਤੌਰ ਤੇ ਵਰਤੋ ਕੀਤੇ ਜਾਣ ਤੇ ਸ਼ਹਿਰ ਵਾਸੀਆਂ ਵੱਲੋਂ ਚਿੰਤਾ ਪ੍ਰਗਟਾਈ ਗਈ ਹੈ ਤੇ ਪ੍ਰਸ਼ਾਸਨ ਕੋਲੋਂ ਵੀ ਇਸ ਮਾਮਲਿਆਂ ਸਬੰਧੀ ਮੰਗ ਕੀਤੀ ਗਈ ਕਿ ਪ੍ਰਸ਼ਾਸਨ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਪ੍ਰਣਾਲੀ ਅਤੇ ਵਰਤੋਂ ਸਬੰਧੀ ਪੂਰੀ ਜਾਂਚ ਕਰੇ। ਇਸ ਤੋਂ ਇਲਾਵਾ, ਜੇਕਰ ਕਿਸੇ ਵੀ ਤਰ੍ਹਾਂ ਦੀ ਅਣਿਯਮਿਤਤਾ ਜਾਂ ਕਾਨੂੰਨ ਦੀ ਉਲੰਘਣਾ ਸਾਹਮਣੇ ਆਉਂਦੀ ਹੈ, ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਏ.ਐੱਫ.ਐਸ.ਓ. ਬੇਅੰਤ ਸਿੰਘ ਦਾ ਕਹਿਣਾ ਹੈ ਕਿ ਘਰੇਲੂ ਗੈਸ ਦੀ ਕਾਲਾਬਾਜ਼ਾਰੀ ਕਰਨ ਵਾਲੇ ਮਾਫੀਏ ਖਿਲਾਫ਼ ਸਖ਼ਤ ਐਕਸ਼ਨ ਲਿਆ।

ਅਖਬਾਰੀ ਸਪਸ਼ਟੀਕਰਨ (Disclaimer):
ਇਹ ਖਬਰ ਮੈਦਾਨੀ ਪੜਤਾਲ ਅਤੇ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਇਸ ਵਿੱਚ ਦਰਜ ਸਾਰੇ ਤੱਥਾਂ ਦੀ ਅਧਿਕਾਰਕ ਪੁਸ਼ਟੀ ਸੰਬੰਧਿਤ ਵਿਭਾਗਾਂ ਵੱਲੋਂ ਹੋਣੀ ਬਾਕੀ ਹੈ। ਅਖਬਾਰ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਦੋਸ਼ੀ ਕਰਾਰ ਨਹੀਂ ਦਿੰਦਾ। ਮਾਮਲੇ ਦੀ ਅਸਲ ਸਥਿਤੀ ਜਾਂਚ ਤੋਂ ਬਾਅਦ ਹੀ ਸਪਸ਼ਟ ਹੋਵੇਗੀ।

Published on: 27 Mar 2026

Dinesh Sharma
📣 Share this post

Latest News