10 ਦਿਨ ਚੱਲੇ ਮੰਚਨ ਦੀ ਸਫ਼ਲਤਾ ਲਈ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਕੀਤਾ ਸ਼ੁਕਰਾਨਾ
ਅਗਲੇ ਸਾਲ ਵੀ ਮਰਿਆਦਾ ਨਾਲ ਮੰਚਨ ਕਰਵਾਉਣ ਦਾ ਭਰੋਸਾ
ਸ੍ਰੀ ਵੈਸ਼ਨੋ ਡਰਾਮਾਟਿਕ ਕਲੱਬ ਵੱਲੋਂ ਪ੍ਰਧਾਨ ਰਵਿੰਦਰ ਕੁਮਾਰ ਨੀਟਾ ਸੱਭਰਵਾਲ ਦੀ ਅਗਵਾਈ ਹੇਠ 10 ਦਿਨ ਚੱਲੇ ਰਾਮ ਨਾਟਕ ਦੇ ਮੰਚਨ ਦਾ ਸਮਾਪਨ ਧਾਰਮਿਕ ਮਰਿਆਦਾ ਅਤੇ ਵਿਧੀ-ਵਿਧਾਨ ਅਨੁਸਾਰ ਹਵਨ ਯੱਗ ਕਰਵਾ ਕੇ ਕੀਤਾ ਗਿਆ। ਇਸ ਮੌਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਚਰਨਾਂ ਵਿੱਚ ਸਰਬਤ ਦੇ ਭਲੇ, ਕਲੱਬ ਦੀ ਏਕਤਾ ਅਤੇ ਮੈਂਬਰਾਂ ਵਿੱਚ ਪ੍ਰਭੂ ਪ੍ਰਤੀ ਸਮਰਪਣ ਦੀ ਭਾਵਨਾ ਬਣਾਈ ਰੱਖਣ ਲਈ ਪ੍ਰਾਰਥਨਾ ਕੀਤੀ ਗਈ।
ਕਲੱਬ ਦੇ ਪ੍ਰਧਾਨ ਰਵਿੰਦਰ ਕੁਮਾਰ ਨੀਟਾ ਸੱਭਰਵਾਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਮ ਨਾਟਕ ਦੇ ਮੰਚਨ ਦੀ ਸ਼ੁਰੂਆਤ ਅਤੇ ਸਮਾਪਤੀ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਲੈ ਕੇ ਕੀਤੀ ਗਈ। ਇਸ ਵਾਰ ਹਵਨ ਯੱਗ ਕਲੱਬ ਦੇ ਨਾਮ ’ਤੇ ਲਈ ਗਈ ਛੇ ਵਿਸਵੇ ਜਗ੍ਹਾ ’ਤੇ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪ੍ਰਭੂ ਦੀ ਕਿਰਪਾ ਸਦਕਾ ਰਾਮ ਨਾਟਕ ਦੇ ਸਾਰੇ ਪ੍ਰੋਗਰਾਮ ਸਫ਼ਲਤਾਪੂਰਵਕ ਸੰਪੰਨ ਹੋਏ।
ਇਸ ਮੌਕੇ ਰਾਮ ਨਾਟਕ ਦੇ ਮੰਚਨ ਦੌਰਾਨ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਕਲੱਬ ਦੇ ਸਮੂਹ ਮੈਂਬਰਾਂ ਦੀ ਸ਼ਲਾਘਾ ਕੀਤੀ ਗਈ। ਹਵਨ ਯੱਗ ਉਪਰੰਤ ਸਰਬਤ ਦੇ ਭਲੇ ਲਈ ਪ੍ਰਾਰਥਨਾ ਕਰਨ ਦੇ ਨਾਲ-ਨਾਲ ਕਲੱਬ ਦੀ ਏਕਤਾ ਅਤੇ ਧਾਰਮਿਕ ਕਾਰਜਾਂ ਪ੍ਰਤੀ ਸਮਰਪਣ ਦੀ ਭਾਵਨਾ ਕਾਇਮ ਰਹਿਣ ਦੀ ਕਾਮਨਾ ਕੀਤੀ ਗਈ।
ਪ੍ਰਧਾਨ ਨੀਟਾ ਸੱਭਰਵਾਲ ਨੇ ਸਮੂਹ ਰਾਮ ਭਗਤਾਂ ਨੂੰ ਭਰੋਸਾ ਦਿੱਤਾ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਕਿਰਪਾ ਨਾਲ ਅਗਲੇ ਸਾਲ ਵੀ ਰਾਮ ਨਾਟਕ ਦਾ ਮੰਚਨ ਪੂਰੀ ਮਰਿਆਦਾ ਅਤੇ ਸ਼ਰਧਾ ਭਾਵਨਾ ਨਾਲ ਕਰਵਾਇਆ ਜਾਵੇਗਾ।
ਇਸ ਮੌਕੇ ਕਲੱਬ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਬੱਲੂ, ਸੁਨੀਲ ਪਾਠਕ, ਬਲਵਿੰਦਰ ਬੱਗੜ, ਮੱਖਣ ਸੈਨ, ਕੇਸ਼ਵ ਗੋਇਲ, ਵਿਨੋਦ ਮਦਾਨ, ਚੇਤਨ ਅਰੋੜਾ, ਸਤਪਾਲ ਭੱਟੀ, ਰਾਮ ਨਾਬ ਕੋਇਲ, ਜੈਇੰਦਰ ਅਰੋੜਾ (ਟੋਪੀ ਵਾਲੇ ਅੰਕਲ), ਸਪਨ ਕਪੂਰ, ਸਾਜਨ ਮਲਹੋਤਰਾ, ਰਜਨੀਸ਼ ਬਾਂਸਲ, ਸਰਬਜੀਤ ਲੰਕਾ, ਰਵੀ ਗੁੰਬਰ, ਗੌਰਵ ਘਈ, ਬੱਬੂ ਅਰੋੜਾ, ਸੁਸ਼ੀਲ ਚੋਪੜਾ, ਪ੍ਰਵੀਨ ਪੰਮਾ, ਕਮਲਜੀਤ ਵਰਮਾ ਹਾਕੂ, ਗੌਰਵ ਹਾਂਡਾ, ਮੋਨੂ ਹਾਂਡਾ, ਪ੍ਰਦੀਪ ਕੁਮਾਰ ਟੀਟੂ, ਹੈਪੀ ਬਰਗਰਾਂ ਵਾਲੇ, ਗੋਲਡੀ ਅਤੇ ਅਜੇ ਚੱਡਾ ਸਮੇਤ ਕਲੱਬ ਦੇ ਹੋਰ ਮੈਂਬਰ ਮੌਜੂਦ ਸਨ।