• Wednesday, 3 June 2026
Logo Logo
Advertisement
ਵੇਰਕਾ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ’ਤੇ ਪੀਡੀਐਫਏ ਵੱਲੋਂ ਚਿੰਤਾ ਪ੍ਰਗਟ

18 May 2026 | 150 Views

ਵੇਰਕਾ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ’ਤੇ ਪੀਡੀਐਫਏ ਵੱਲੋਂ ਚਿੰਤਾ ਪ੍ਰਗਟ

ਸਰਕਾਰ ਨੂੰ ਠੇਕਾ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਜਲਦ ਮੰਨਣ ਦੀ ਅਪੀਲ • ਡੇਅਰੀ ਕਿੱਤੇ ’ਤੇ ਮੰਡਰਾ ਰਹੇ ਸੰਕਟ ਤੋਂ ਕੀਤਾ ਅਗਾਹ

ਚੰਡੀਗੜ੍ਹ / ਪੰਜਾਬ —ਦਿਨੇਸ਼ ਸ਼ਰਮਾ / ਪ੍ਰੋਗਰੇਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐਫਏ) ਨੇ ਵੇਰਕਾ ਦੇ ਕੱਚੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਸਬੰਧੀ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ’ਤੇ ਜਲਦ ਗੌਰ ਕਰਨ ਦੀ ਅਪੀਲ ਕੀਤੀ ਹੈ।

ਪੀਡੀਐਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਵੱਲੋਂ ਦਿੱਤੇ ਬਿਆਨ ਸਬੰਧੀ ਜਾਰੀ ਪ੍ਰੈਸ ਨੋਟ ਅਨੁਸਾਰ, ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਡੇਅਰੀ ਕਿੱਤੇ ਨਾਲ ਜੁੜੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਸੋਸੀਏਸ਼ਨ ਨੇ ਕਿਹਾ ਕਿ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਉਨ੍ਹਾਂ ਦੇ ਸੰਘਰਸ਼ ਦਾ ਸਮਰਥਨ ਕੀਤਾ ਜਾਂਦਾ ਹੈ, ਪਰ ਇਸ ਦੇ ਨਾਲ ਹੀ ਡੇਅਰੀ ਕਿੱਤੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ, ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਪ੍ਰੈਸ ਸਕੱਤਰ ਰੇਸ਼ਮ ਸਿੰਘ ਭੁਲੱਰ ਨੇ ਕਿਹਾ ਕਿ ਵੇਰਕਾ ਇੱਕ ਮਹੱਤਵਪੂਰਨ ਸਰਕਾਰੀ ਅਦਾਰਾ ਹੈ, ਜੋ ਲੰਬੇ ਸਮੇਂ ਤੋਂ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅਦਾਰਾ ਦੁੱਧ ਉਤਪਾਦਕਾਂ, ਸਹਿਕਾਰੀ ਸਭਾਵਾਂ ਅਤੇ ਡੇਅਰੀ ਫਾਰਮਾਂ ਤੋਂ ਦੁੱਧ ਇਕੱਠਾ ਕਰਕੇ ਪ੍ਰੋਸੈਸ ਉਪਰੰਤ ਉੱਚ ਮਿਆਰੀ ਦੁੱਧ ਅਤੇ ਦੁੱਧ ਉਤਪਾਦ ਆਮ ਲੋਕਾਂ ਤੱਕ ਪਹੁੰਚਾ ਰਿਹਾ ਹੈ।

ਪੀਡੀਐਫਏ ਅਨੁਸਾਰ ਵੇਰਕਾ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋਣ ਨਾਲ ਨਾ ਸਿਰਫ ਖਪਤਕਾਰਾਂ ਨੂੰ ਦਿੱਕਤ ਆ ਸਕਦੀ ਹੈ, ਸਗੋਂ ਡੇਅਰੀ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਵੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਐਸੋਸੀਏਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਜਲਦ ਫੈਸਲਾ ਕਰਕੇ ਚੱਲ ਰਹੇ ਸੰਘਰਸ਼ ਦਾ ਹੱਲ ਕੱਢਿਆ ਜਾਵੇ ਤਾਂ ਜੋ ਡੇਅਰੀ ਕਿੱਤੇ ’ਤੇ ਮੰਡਰਾ ਰਹੇ ਸੰਕਟ ਨੂੰ ਟਾਲਿਆ ਜਾ ਸਕੇ।

ਪ੍ਰਾਪਤ ਪ੍ਰੈਸ ਨੋਟ ਅਨੁਸਾਰ ਇਸ ਮੌਕੇ ਅਵਤਾਰ ਸਿੰਘ ਥਾਬਲਾ, ਸੁਖਪਾਲ ਸਿੰਘ ਵਰਪਾਲ, ਬਲਵਿੰਦਰ ਸਿੰਘ ਚੌਤਰਾ, ਸੁਖਰਾਜ ਸਿੰਘ ਗੁੜੇ, ਮਨਜੀਤ ਸਿੰਘ ਮੋਹੀ, ਗੁਰਬਖਸ ਸਿੰਘ ਬਾਜੇਕੇ, ਕੁਲਦੀਪ ਸਿੰਘ ਪਟਿਆਲਾ ਸਮੇਤ ਕਈ ਹੋਰ ਆਗੂ ਅਤੇ ਮੈਂਬਰ ਮੌਜੂਦ ਸਨ।

ਮਾਮਲੇ ਸਬੰਧੀ ਸੰਬੰਧਿਤ ਧਿਰਾਂ ਵੱਲੋਂ ਅਗਲੀ ਕਾਰਵਾਈ ਅਤੇ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਜਾਰੀ ਹੈ।

Published on: 18 May 2026

Dinesh Sharma
📣 Share this post

Latest News