ਜਗਰਾਉਂ, 8 ਮਈ (ਸੰਜੀਵ ਮਲਹੋਤਰਾ) ਪੰਜਾਬ ਭਰ ਵਿੱਚ 6 ਮਈ ਤੋਂ ਸਫਾਈ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਦੇ ਮੱਦੇਨਜ਼ਰ ਜਗਰਾਉਂ ਵਿੱਚ ਵੀ ਵੱਖ-ਵੱਖ ਸਮਾਜਿਕ ਵਰਗਾਂ ਵੱਲੋਂ ਸਮਰਥਨ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਸਬੰਧੀ ਨਗਰ ਸੁਧਾਰ ਸਭਾ ਦਾ ਇੱਕ ਵਫ਼ਦ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਹੇਠ ਐਸ.ਡੀ.ਐਮ. ਦਫ਼ਤਰ ਜਗਰਾਉਂ ਪਹੁੰਚਿਆ।
ਐਸ.ਡੀ.ਐਮ. ਦੇ ਛੁੱਟੀ ‘ਤੇ ਹੋਣ ਕਾਰਨ ਵਫ਼ਦ ਨੇ ਤਹਿਸੀਲਦਾਰ ਰੇਸ਼ਮ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਂਪਿਆ। ਮੰਗ ਪੱਤਰ ਰਾਹੀਂ ਸਫਾਈ ਕਾਮਿਆਂ ਦੀਆਂ ਮੰਗਾਂ ਜਿਵੇਂ ਕਿ ਠੇਕੇਦਾਰੀ ਪ੍ਰਣਾਲੀ ਖਤਮ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਬਕਾਇਆ ਡੀ.ਏ. ਇਕਮੁਸ਼ਤ ਜਾਰੀ ਕਰਨ ਆਦਿ ਮੰਗਾਂ ਨੂੰ ਜਲਦ ਮੰਨਣ ਦੀ ਅਪੀਲ ਕੀਤੀ ਗਈ।
ਵਫ਼ਦ ਨੇ ਕਿਹਾ ਕਿ ਮੰਗਾਂ ਦੇ ਹੱਲ ਨਾਲ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਫਾਈ ਪ੍ਰਬੰਧ ਮੁੜ ਸੁਚਾਰੂ ਢੰਗ ਨਾਲ ਚੱਲ ਸਕਣਗੇ। ਇਸ ਦੌਰਾਨ ਵਫ਼ਦ ਵੱਲੋਂ ਜਗਰਾਉਂ ਸ਼ਹਿਰ ਵਿੱਚ ਕੂੜਾ ਪ੍ਰਬੰਧਨ ਸਬੰਧੀ ਮੌਜੂਦਾ ਸਥਿਤੀ ‘ਤੇ ਵੀ ਚਿੰਤਾ ਜਤਾਈ ਗਈ। ਕੁਝ ਮੈਂਬਰਾਂ ਵੱਲੋਂ ਸਥਾਨਕ ਪ੍ਰਸ਼ਾਸਨ ਅਤੇ ਰਾਜਨੀਤਿਕ ਧੜਿਆਂ ਦੀ ਕਾਰਗੁਜ਼ਾਰੀ ਸਬੰਧੀ ਆਪਣੇ ਵਿਚਾਰ ਵੀ ਪ੍ਰਗਟ ਕੀਤੇ ਗਏ।
ਇਸ ਮੌਕੇ ਵਫ਼ਦ ਨੇ ਜਨਗਣਨਾ ਪ੍ਰਫਾਰਮਿਆਂ ਵਿੱਚ ਦਰਜ ਕੁਝ ਜਾਤੀ ਸੂਚਕ ਸ਼ਬਦਾਂ ‘ਤੇ ਵੀ ਐਤਰਾਜ਼ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੀ ਸਮੀਖਿਆ ਕਰਨ ਅਤੇ ਲੋੜ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਮਾਜਿਕ ਸਦਭਾਵਨਾ ਅਤੇ ਸੰਵਿਧਾਨਕ ਮਰਿਆਦਾਵਾਂ ਨੂੰ ਕਾਇਮ ਰੱਖਣਾ ਸਮੇਂ ਦੀ ਲੋੜ ਹੈ।
ਵਫ਼ਦ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ‘ਤੇ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਆਗਾਮੀ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾ ਸਕਦਾ ਹੈ।
ਇਸ ਮੌਕੇ ਕੰਵਲਜੀਤ ਖੰਨਾ, ਗੁਰਮੇਲ ਸਿੰਘ ਰੂਮੀ, ਅਵਤਾਰ ਸਿੰਘ ਗਗੜਾ, ਸਵਰਨ ਸਿੰਘ ਹਠੂਰ, ਅਸ਼ੋਕ ਭੰਡਾਰੀ, ਜਸਵੰਤ ਸਿੰਘ ਕਲੇਰ, ਹਰਬੰਸ ਲਾਲ, ਇੰਦਰਜੀਤ ਸਿੰਘ ਧਾਲੀਵਾਲ, ਬਲਵਿੰਦਰ ਸਿੰਘ, ਮੇਜਰ ਸਿੰਘ ਛੀਨਾ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।