• Tuesday, 23 June 2026
Logo Logo
Advertisement
ਜਗਰਾਉਂ ਵਿੱਚ ਦੀ ਪੰਜਾਬ ਮਿਊਂਸਪਲ ਆਊਟਸੋਰਸ ਇੰਪਲਾਈਜ਼ ਯੂਨੀਅਨ ਦੀ ਅਹਿਮ ਮੀਟਿੰਗ, ਕਰਮਚਾਰੀਆਂ ਦੀਆਂ ਮੰਗਾਂ ਅਤੇ ਨਵੀਂ ਨੀਤੀ ’ਤੇ ਹੋਈ ਚਰਚਾ

06 Jun 2026 | 351 Views

ਜਗਰਾਉਂ ਵਿੱਚ ਦੀ ਪੰਜਾਬ ਮਿਊਂਸਪਲ ਆਊਟਸੋਰਸ ਇੰਪਲਾਈਜ਼ ਯੂਨੀਅਨ ਦੀ ਅਹਿਮ ਮੀਟਿੰਗ, ਕਰਮਚਾਰੀਆਂ ਦੀਆਂ ਮੰਗਾਂ ਅਤੇ ਨਵੀਂ ਨੀਤੀ ’ਤੇ ਹੋਈ ਚਰਚਾ

ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਬਣ ਰਹੀ ਨੀਤੀ ਲਈ ਯੂਨੀਅਨ ਨੇ ਰੱਖੇ ਸੁਝਾਅ, ਸਰਕਾਰ ਤੋਂ ਵਾਅਦਿਆਂ ਨੂੰ ਸਮੇਂ ਸਿਰ ਲਾਗੂ ਕਰਨ ਦੀ ਮੰਗ

ਜਗਸੀਰ ਸਿੰਘ ਚੀਮਾ ਦੀ ਅਗਵਾਈ ਹੇਠ ਜਗਰਾਉਂ ਵਿਖੇ ਹੋਈ ਮੀਟਿੰਗ ਵਿੱਚ ਕਈ ਜ਼ਿਲ੍ਹਿਆਂ ਦੇ ਕਰਮਚਾਰੀਆਂ ਨੇ ਕੀਤੀ ਸ਼ਿਰਕਤ

ਜਗਰਾਉਂ, 6 ਜੂਨ 2026 , ਦਿਨੇਸ਼ ਸ਼ਰਮਾ 

ਜਗਰਾਉਂ ਦੇ ਰਾਏਕੋਟ ਰੋਡ ਸਥਿਤ ਲਾਲਾ ਲਾਜਪਤ ਰਾਏ ਮਮੋਰੀਅਲ ਕਮਿਉਨਟੀ ਸੈਂਟਰ ਵਿੱਚ ਦੀ ਪੰਜਾਬ ਮਿਊਂਸਪਲ ਆਊਟਸੋਰਸ ਇੰਪਲਾਈਜ਼ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਜਗਸੀਰ ਸਿੰਘ ਚੀਮਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਮਿਊਂਸਪਲ ਐਕਸ਼ਨ ਕਮੇਟੀ ਦੇ ਸਰਪ੍ਰਸਤ ਕੁਲਵੰਤ ਸਿੰਘ ਸੈਣੀ, ਗੋਪਾਲ ਥਾਪਰ, ਜੀ.ਐਮ. ਸਿੰਘ, ਲਲਿਤ ਕੁਮਾਰ ਅਤੇ ਦੀਪਕ ਕੁਮਾਰ ਸਮੇਤ ਕਈ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।

ਮੀਟਿੰਗ ਦੌਰਾਨ ਆਊਟਸੋਰਸ ਆਧਾਰ ’ਤੇ ਕੰਮ ਕਰ ਰਹੇ ਕਰਮਚਾਰੀਆਂ ਦੇ ਹੱਕਾਂ, ਸੇਵਾ ਸੁਰੱਖਿਆ ਅਤੇ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ ਰੈਗੂਲਰਾਈਜ਼ੇਸ਼ਨ ਨੀਤੀ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਯੂਨੀਅਨ ਆਗੂਆਂ ਨੇ ਕਿਹਾ ਕਿ ਕੰਪਿਊਟਰ ਓਪਰੇਟਰ, ਕਲਰਕ, ਮਾਲੀ, ਇਲੈਕਟ੍ਰੀਸ਼ਨ, ਹੈਲਪਰ, ਖੇਲਦਾਰ, ਚੌਕੀਦਾਰ, ਸੇਵਾਦਾਰ, ਫਾਇਰਮੈਨ, ਸੀਵਰਮੈਨ, ਸਫਾਈ ਸੇਵਕ ਅਤੇ ਸੁਪਰਵਾਈਜ਼ਰ ਵਰਗੇ ਅਨੇਕਾਂ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਘੱਟ ਤਨਖਾਹਾਂ ’ਤੇ ਸੇਵਾ ਨਿਭਾ ਰਹੇ ਹਨ।

ਯੂਨੀਅਨ ਆਗੂਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਠੇਕੇਦਾਰੀ ਪ੍ਰਣਾਲੀ ਖਤਮ ਕਰਨ ਸਬੰਧੀ ਕੀਤੇ ਗਏ ਫੈਸਲੇ ਨੂੰ ਇੱਕ ਵੱਡੀ ਪ੍ਰਾਪਤੀ ਵਜੋਂ ਵੇਖਿਆ ਜਾ ਰਿਹਾ ਹੈ। ਇਸ ਸਬੰਧੀ ਯੂਨੀਅਨ ਅਤੇ ਪੰਜਾਬ ਮਿਊਂਸਪਲ ਐਕਸ਼ਨ ਕਮੇਟੀ ਦੇ ਸਾਂਝੇ ਯਤਨਾਂ ਦੀ ਵੀ ਸਰਾਹਨਾ ਕੀਤੀ ਗਈ।

ਮੀਟਿੰਗ ਵਿੱਚ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਨੀਤੀ ਲਈ ਕਈ ਸੁਝਾਅ ਵੀ ਰੱਖੇ ਗਏ। ਇਨ੍ਹਾਂ ਵਿੱਚ ਆਊਟਸੋਰਸ ਕਰਮਚਾਰੀਆਂ ਨੂੰ ਤਿੰਨ ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਰੈਗੂਲਰ ਕਰਨ, ਪੁਰਾਣੀ ਸੇਵਾ ਨੂੰ ਮੰਨਤਾ ਦੇਣ, ਪਰਖਕਾਲ ਨਾ ਰੱਖਣ, ਛੇਵੇਂ ਪੇਅ ਕਮਿਸ਼ਨ ਅਨੁਸਾਰ ਤਨਖਾਹਾਂ ਲਾਗੂ ਕਰਨ ਅਤੇ ਮੈਡੀਕਲ ਸਹੂਲਤਾਂ ਅਤੇ ਬੋਨਸ ਦੇਣ ਦੀ ਮੰਗ ਸ਼ਾਮਲ ਰਹੀ।

ਯੂਨੀਅਨ ਆਗੂਆਂ ਜਗਸੀਰ ਸਿੰਘ ਚੀਮਾ, ਕੁਲਵੰਤ ਸਿੰਘ ਸੈਣੀ ਅਤੇ ਗੋਪਾਲ ਥਾਪਰ ਨੇ ਦੱਸਿਆ ਕਿ 6 ਮਈ ਤੋਂ 21 ਮਈ ਤੱਕ ਆਊਟਸੋਰਸ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਹੜਤਾਲ ਕੀਤੀ ਗਈ ਸੀ। ਯੂਨੀਅਨ ਅਨੁਸਾਰ ਸਰਕਾਰ ਵੱਲੋਂ ਲਿਖਤੀ ਭਰੋਸਾ ਦਿੱਤੇ ਜਾਣ ਤੋਂ ਬਾਅਦ ਹੜਤਾਲ ਖਤਮ ਕੀਤੀ ਗਈ ਸੀ ਅਤੇ ਨਵੀਂ ਨੀਤੀ ਤਿਆਰ ਕਰਨ ਲਈ 30 ਦਿਨਾਂ ਦਾ ਸਮਾਂ ਮੰਗਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਜੇਕਰ 30 ਦਿਨਾਂ ਵਿੱਚ ਸਰਕਾਰ ਵੱਲੋਂ ਨਵੀਂ ਨਿਤੀ ਨਾ ਤਿਆਰ ਕੀਤੀ ਗਈ ਤਾਂ ਯੂਨੀਅਨ ਵੱਲੋਂ ਆਪਣਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜਗਰਾਉਂ ਵਿੱਚ ਹੋਈ ਇਸ ਮੀਟਿੰਗ ਵਿੱਚ ਕਈ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਕਰਮਚਾਰੀ ਸ਼ਾਮਲ ਹੋਏ ਅਤੇ ਭਵਿੱਖ ਦੀ ਰਣਨੀਤੀ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਯੂਨੀਅਨ ਆਗੂਆਂ ਜਗਸੀਰ ਸਿੰਘ ਚੀਮਾ, ਕੁਲਵੰਤ ਸਿੰਘ ਸੈਣੀ ਅਤੇ ਗੋਪਾਲ ਥਾਪਰ ਨੇ ਕਿਹਾ ਕਿ ਜੇਕਰ ਸਰਕਾਰ ਨਿਰਧਾਰਿਤ ਸਮੇਂ ਅੰਦਰ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਢੁੱਕਵੇਂ ਫੈਸਲੇ ਨਹੀਂ ਲੈਂਦੀ ਤਾਂ ਅਗਲੇ ਕਦਮਾਂ ਬਾਰੇ ਸੰਗਠਨ ਵੱਲੋਂ ਵਿਚਾਰ ਕੀਤਾ ਜਾਵੇਗਾ।

 

Published on: 06 Jun 2026

Dinesh Sharma
📣 Share this post

Latest News