ਜਗਰਾਉਂ ,(ਸੰਜੀਵ ਮਲਹੋਤਰਾ)ਏਸ਼ੀਆ ਦੀਆਂ ਵੱਡੀਆਂ ਅਨਾਜ ਮੰਡੀਆਂ ਵਿੱਚ ਸ਼ੁਮਾਰ ਜਗਰਾਉਂ ਅਨਾਜ ਮੰਡੀ ਅਤੇ ਇਸ ਨਾਲ ਸੰਬੰਧਿਤ ਬਰਾਂਚਾਂ ਵਿੱਚ ਕਣਕ ਦੀ ਧੀਮੀ ਲਿਫਟਿੰਗ ਨੂੰ ਲੈ ਕੇ ਮਜ਼ਦੂਰਾਂ, ਕਿਸਾਨਾਂ ਅਤੇ ਆੜਤੀਆਂ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲੀ। ਇਸ ਮਸਲੇ ਸਬੰਧੀ Galla Mazdoor Union, Bharatiya Kisan Union Ekta Dakaunda ਅਤੇ Arhtiya Association ਵੱਲੋਂ ਐਸਡੀਐਮ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨ ਤੋਂ ਬਾਅਦ ਐਸਡੀਐਮ Upinderjit Kaur Brar ਨਾਲ ਹੋਈ ਮੀਟਿੰਗ ਦੌਰਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਹੁਣ ਤੱਕ ਮੰਡੀ ਵਿੱਚ ਆਈਆਂ ਲੱਖਾਂ ਬੋਰੀਆਂ ਵਿੱਚੋਂ ਵੱਡੀ ਗਿਣਤੀ ਦੀ ਲਿਫਟਿੰਗ ਬਾਕੀ ਹੈ, ਜਿਸ ਕਾਰਨ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਹੋਈ ਹੈ।
ਆਗੂਆਂ ਨੇ ਕਿਹਾ ਕਿ ਤਿੱਖੀ ਧੁੱਪ ਅਤੇ ਮੌਸਮੀ ਪ੍ਰਭਾਵ ਕਾਰਨ ਅਨਾਜ ਦੇ ਭਾਰ ਵਿੱਚ ਕਮੀ ਆਉਣ ਦੀ ਸੰਭਾਵਨਾ ਬਣਦੀ ਹੈ, ਜਦਕਿ ਖਰੀਦ ਏਜੰਸੀਆਂ ਪੂਰੀ ਮਾਤਰਾ ਦੀ ਮੰਗ ਕਰਦੀਆਂ ਹਨ। ਇਸ ਕਾਰਨ ਮਜ਼ਦੂਰਾਂ ‘ਤੇ ਵਾਧੂ ਦਬਾਅ ਪੈਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲਿਫਟਿੰਗ ਵਿੱਚ ਦੇਰੀ ਕਾਰਨ ਮਜ਼ਦੂਰਾਂ ਨੂੰ ਰਾਤ ਸਮੇਂ ਵੀ ਅਨਾਜ ਦੀ ਸੁਰੱਖਿਆ ਲਈ ਡਿਊਟੀ ਦੇਣੀ ਪੈਂਦੀ ਹੈ।
ਜਥੇਬੰਦੀਆਂ ਨੇ ਮੰਗ ਕੀਤੀ ਕਿ ਖਰੀਦ ਤੋਂ ਬਾਅਦ ਨਿਯਮਾਂ ਅਨੁਸਾਰ ਨਿਰਧਾਰਤ ਸਮੇਂ ਵਿੱਚ ਕਣਕ ਦੀ ਚੁਕਾਈ ਯਕੀਨੀ ਬਣਾਈ ਜਾਵੇ ਅਤੇ ਮੰਡੀ ਵਿੱਚ ਪਏ ਸਟਾਕ ਨੂੰ ਜੰਗੀ ਪੱਧਰ ‘ਤੇ ਤੁਰੰਤ ਉਠਾਇਆ ਜਾਵੇ।
ਐਸਡੀਐਮ ਨੇ ਪ੍ਰਤੀਨਿਧੀਆਂ ਨੂੰ ਭਰੋਸਾ ਦਿੱਤਾ ਕਿ ਸਬੰਧਤ ਖਰੀਦ ਏਜੰਸੀਆਂ, ਠੇਕੇਦਾਰਾਂ ਅਤੇ ਟਰੱਕ ਯੂਨੀਅਨ ਨਾਲ ਮੀਟਿੰਗ ਕਰਕੇ ਮਸਲੇ ਦਾ ਜਲਦ ਹੱਲ ਕਰਵਾਇਆ ਜਾਵੇਗਾ।
ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।