ਦੀਵਾਲੀ ਦੇ ਮੱਦੇਨਜ਼ਰ ਬੱਚਿਆਂ ਨੇ ਆਪਣੀ ਕਲਾ ਅਤੇ ਸਿਰਜਣਾਤਮਕ ਪ੍ਰਤਿਭਾ ਦਾ ਕੀਤਾ ਪ੍ਰਦਰਸ਼ਨ
ਰਾਜਿੰਦਰ ਜੈਨ ਕਾਕਾ ਅਤੇ ਕੈਪਟਨ ਨਰੇਸ਼ ਵਰਮਾ ਨੇ ਸਾਂਝੇ ਤੌਰ ’ਤੇ ਕੀਤਾ ਉਦਘਾਟਨ
ਜਗਰਾਉਂ: ਆਰ.ਕੇ. ਹਾਈ ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਸੀਮਾ ਸ਼ਰਮਾ ਦੀ ਅਗਵਾਈ ਹੇਠ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਵੱਖ-ਵੱਖ ਕਲਾਤਮਕ ਵਸਤਾਂ ਦੀ ਸ਼ਾਨਦਾਰ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਰਾਹੀਂ ਬੱਚਿਆਂ ਨੇ ਆਪਣੀ ਸਿਰਜਣਾਤਮਕ ਸੋਚ, ਕਲਾਤਮਕ ਰੁਚੀ ਅਤੇ ਮਿਹਨਤ ਦਾ ਪ੍ਰਗਟਾਵਾ ਕੀਤਾ। ਸਮਾਗਮ ਦਾ ਉਦਘਾਟਨ ਕੁਦਰਤ ਦੇ ਰਾਖੇ ਟਰੱਸਟ ਦੇ ਚੇਅਰਮੈਨ ਰਾਜਿੰਦਰ ਜੈਨ ਕਾਕਾ ਅਤੇ ਗੁਰੂ ਨਾਨਕ ਸਹਾਰਾ ਸੁਸਾਇਟੀ ਦੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਨੇ ਸਾਂਝੇ ਤੌਰ ’ਤੇ ਕੀਤਾ।
ਪ੍ਰਦਰਸ਼ਨੀ ਦਾ ਜਾਇਜ਼ਾ ਲੈਂਦਿਆਂ ਮੁੱਖ ਮਹਿਮਾਨਾਂ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਕਲਾਕ੍ਰਿਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਆਪਣੀ ਅੰਦਰੂਨੀ ਪ੍ਰਤਿਭਾ ਪਛਾਣਨ ਅਤੇ ਉਸ ਨੂੰ ਨਿਖਾਰਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ। ਪੜ੍ਹਾਈ ਦੇ ਨਾਲ-ਨਾਲ ਕਲਾ ਅਤੇ ਸਿਰਜਣਾਤਮਕ ਕਾਰਜਾਂ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਦਾ ਆਤਮ-ਵਿਸ਼ਵਾਸ ਵੀ ਵਧਦਾ ਹੈ।
ਇਸ ਮੌਕੇ ਅਨੁਵ੍ਰਤ ਸਮਿਤੀ ਦੇ ਪ੍ਰਧਾਨ ਰਾਜਪਾਲ ਜੈਨ ਅਤੇ ਸਾਬਕਾ ਪ੍ਰਿੰਸੀਪਲ ਸੁੱਖਨੰਦਨ ਗੁਪਤਾ ਨੇ ਵੀ ਪ੍ਰਦਰਸ਼ਨੀ ਦਾ ਦੌਰਾ ਕੀਤਾ। ਉਨ੍ਹਾਂ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਵਸਤਾਂ ਨੂੰ ਦੇਖਿਆ ਅਤੇ ਬੱਚਿਆਂ ਦੀ ਮਿਹਨਤ ਤੇ ਕਲਾਤਮਕ ਯੋਗਤਾ ਦੀ ਹੌਸਲਾ-ਅਫ਼ਜ਼ਾਈ ਕੀਤੀ।
ਸਕੂਲ ਦੀ ਪ੍ਰਿੰਸੀਪਲ ਸੀਮਾ ਸ਼ਰਮਾ ਦੀ ਅਗਵਾਈ ਹੇਠ ਕਰਵਾਈ ਗਈ ਇਸ ਗਤੀਵਿਧੀ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਕਲਾ ਪੇਸ਼ ਕਰਨ ਲਈ ਮੰਚ ਮੁਹੱਈਆ ਕਰਵਾਉਣਾ ਅਤੇ ਉਨ੍ਹਾਂ ਦੀਆਂ ਰਚਨਾਤਮਕ ਰੁਚੀਆਂ ਨੂੰ ਉਤਸ਼ਾਹਿਤ ਕਰਨਾ ਰਿਹਾ।
ਇਸ ਮੌਕੇ ਪ੍ਰਿੰਸੀਪਲ ਸੀਮਾ ਸ਼ਰਮਾ, ਰਾਜਿੰਦਰ ਜੈਨ ਕਾਕਾ, ਸਾਬਕਾ ਪ੍ਰਿੰਸੀਪਲ ਸੁੱਖਨੰਦਨ ਗੁਪਤਾ, ਕੈਪਟਨ ਨਰੇਸ਼ ਵਰਮਾ, ਮੈਡਮ ਸੁਮਨ, ਮੈਡਮ ਵਿਜੇ, ਮੈਡਮ ਅਮਨ, ਮੈਡਮ ਡਿੰਪਲ, ਗੁਰਬਖ਼ਸ਼ ਸਿੰਘ, ਪਰਮਜੀਤ ਕੌਰ, ਗ੍ਰੈਮੀ ਸ਼ਰਮਾ ਅਤੇ ਸਕੂਲ ਦਾ ਹੋਰ ਸਟਾਫ਼ ਹਾਜ਼ਰ ਸੀ।