ਵਿਦਿਆਰਥੀਆਂ ਨੇ ਮੋਜੀਟੋ, ਸੈਂਡਵਿੱਚ, ਚਾਕਲੇਟ ਪੁਡਿੰਗ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਪਕਵਾਨ ਤਿਆਰ ਕਰਕੇ ਦਿਖਾਈ ਆਪਣੀ ਪ੍ਰਤਿਭਾ
ਸਿੱਧਵਾਂ ਬੇਟ: ਦਰਪਣ ਲੁਧਿਆਣਾ ਨਿਊਜ਼ ਡੈਸਕ- ਬੱਚਿਆਂ ਵਿੱਚ ਸਵੈ-ਨਿਰਭਰਤਾ, ਰਚਨਾਤਮਕਤਾ ਅਤੇ ਰੋਜ਼ਾਨਾ ਜੀਵਨ ਦੇ ਵਿਹਾਰਕ ਹੁਨਰ ਵਿਕਸਿਤ ਕਰਨ ਦੇ ਉਦੇਸ਼ ਨਾਲ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ, ਸਿੱਧਵਾਂ ਬੇਟ ਵਿਖੇ ਬਿਨਾਂ ਅੱਗ ਅਤੇ ਖੰਡ ਦੀ ਵਰਤੋਂ ਕੀਤੇ ਪਕਵਾਨ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਵੱਖ-ਵੱਖ ਖਾਣ-ਪੀਣ ਵਾਲੇ ਪਦਾਰਥ ਤਿਆਰ ਕਰਕੇ ਆਪਣੀ ਕਲਾ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਮੁਕਾਬਲੇ ਦੌਰਾਨ ਚਾਰ ਤੋਂ ਪੰਜ ਵਿਦਿਆਰਥੀਆਂ ਦੀਆਂ ਟੀਮਾਂ ਬਣਾਈਆਂ ਗਈਆਂ। ਇਨ੍ਹਾਂ ਟੀਮਾਂ ਨੇ ਬਿਨਾਂ ਅੱਗ ਅਤੇ ਖੰਡ ਦੀ ਵਰਤੋਂ ਕੀਤੇ ਵੱਖ-ਵੱਖ ਵਿਅੰਜਨ ਤਿਆਰ ਕੀਤੇ। ਵਿਦਿਆਰਥੀਆਂ ਵੱਲੋਂ ਪੀਣ ਵਾਲੇ ਪਦਾਰਥਾਂ ਵਿੱਚ ਮੋਜੀਟੋ, ਮਿੱਠੇ ਵਿਅੰਜਨਾਂ ਵਿੱਚ ਚਾਕਲੇਟ ਪੁਡਿੰਗ ਅਤੇ ਹੋਰ ਪਕਵਾਨਾਂ ਵਿੱਚ ਸੈਂਡਵਿੱਚ ਤਿਆਰ ਕੀਤੇ ਗਏ। ਪਕਵਾਨਾਂ ਨੂੰ ਆਕਰਸ਼ਕ ਰੂਪ ਦੇਣ ਲਈ ਵੱਖ-ਵੱਖ ਸਬਜ਼ੀਆਂ ਅਤੇ ਸਲਾਦ ਦੀ ਵਰਤੋਂ ਵੀ ਕੀਤੀ ਗਈ। ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਸਰਦਾਈ ਵੀ ਤਿਆਰ ਕੀਤੀ।
ਇੱਕ ਘੰਟੇ ਤੱਕ ਚੱਲੇ ਇਸ ਮੁਕਾਬਲੇ ਵਿੱਚ ਜੱਜਾਂ ਵੱਲੋਂ ਵਿਦਿਆਰਥੀਆਂ ਦੇ ਤਿਆਰ ਕੀਤੇ ਪਕਵਾਨਾਂ ਦਾ ਸਵਾਦ, ਪੇਸ਼ਕਾਰੀ ਅਤੇ ਹੋਰ ਮਾਪਦੰਡਾਂ ਦੇ ਆਧਾਰ ’ਤੇ ਮੁਲਾਂਕਣ ਕਰਕੇ ਅੰਕ ਦਿੱਤੇ ਗਏ। ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੇ ਸਰਦਾਈ ਅਤੇ ਸੈਂਡਵਿੱਚ ਤਿਆਰ ਕੀਤੇ। ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੇ ਵੈਜੀਟੇਬਲ ਸੈਂਡਵਿੱਚ ਅਤੇ ਮੋਜੀਟੋ ਬਣਾਇਆ, ਜਦਕਿ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੇ ਨਾਰੀਅਲ ਦੇ ਲੱਡੂ ਅਤੇ ਕੇਕ ਤਿਆਰ ਕੀਤੇ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮੋਨਾ ਠਾਕੁਰ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਘਰੇਲੂ ਕੰਮਾਂ ਵਿੱਚ ਵੀ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ, ਤਾਂ ਜੋ ਉਹ ਲੋੜ ਪੈਣ ’ਤੇ ਆਪਣੇ ਅਤੇ ਆਪਣੇ ਪਰਿਵਾਰ ਲਈ ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕਰ ਸਕਣ।
ਸਕੂਲ ਦੀ ਮੈਨੇਜਮੈਂਟ ਵੱਲੋਂ ਵੀ ਇਸ ਗਤੀਵਿਧੀ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਮਹੱਤਵਪੂਰਨ ਮੰਨਿਆ ਗਿਆ। ਇਸ ਮੌਕੇ ਚੇਅਰਮੈਨ ਸਨੀ ਅਰੋੜਾ, ਪ੍ਰੈਜ਼ੀਡੈਂਟ ਹਰੀਕ੍ਰਿਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸਕੱਤਰ ਅੰਜੂ ਬਾਲਾ, ਗਗਨਦੀਪ ਬਾਵਾ ਅਤੇ ਪ੍ਰਿੰਸੀਪਲ ਮੋਨਾ ਠਾਕੁਰ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।