ਈ-ਪੇਪਰ ਪੜ੍ਹਨ ਮੋਡ

Punjab Patrika ePaper

Friday, 23 October 2026

ਪੰਚਾਇਤੀ ਜ਼ਮੀਨਾਂ ਦੇ 33 ਫ਼ੀਸਦੀ ਹਿੱਸੇ ’ਤੇ ਬਾਗਬਾਨੀ ਤੇ ਰੁੱਖ ਲਗਾਉਣ ਦੀ ਨੀਤੀ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਦੀ ਮੰਗ

ਪੰਚਾਇਤੀ ਜ਼ਮੀਨਾਂ ਦੇ 33 ਫ਼ੀਸਦੀ ਹਿੱਸੇ ’ਤੇ ਬਾਗਬਾਨੀ ਤੇ ਰੁੱਖ ਲਗਾਉਣ ਦੀ ਨੀਤੀ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਦੀ ਮੰਗ

ਜਗਰਾਉਂ। ਸੰਜੀਵ ਮਲਹੋਤਰਾ

ਪੰਜਾਬ ਵਿੱਚ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਪੰਚਾਇਤਾਂ ਲਈ ਆਮਦਨ ਦੇ ਲੰਮੇ ਸਮੇਂ ਦੇ ਸਰੋਤ ਪੈਦਾ ਕਰਨ ਦੇ ਉਦੇਸ਼ ਨਾਲ ‘ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਦੇਹੜਕਾ’ ਵੱਲੋਂ ਪੰਚਾਇਤੀ ਜ਼ਮੀਨਾਂ ਦੇ ਘੱਟੋ-ਘੱਟ 33 ਫ਼ੀਸਦੀ ਹਿੱਸੇ ’ਤੇ ਬਾਗਬਾਨੀ ਅਤੇ ਰੁੱਖ ਲਗਾਉਣ ਦੀ ਨੀਤੀ ਨੂੰ ਆਗਾਮੀ ਚੋਣ ਮੈਨੀਫੈਸਟੋ ਵਿੱਚ ਪ੍ਰਮੁੱਖਤਾ ਨਾਲ ਸ਼ਾਮਲ ਕਰਨ ਦੀ ਮੰਗ ਉਠਾਈ ਗਈ ਹੈ। ਇਸ ਸਬੰਧੀ ਟਰੱਸਟ ਦੇ ਮੈਂਬਰਾਂ ਨੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਅਨਿਲ ਸਰੀਨ ਨੂੰ ਪੱਤਰ ਸੌਂਪ ਕੇ ਇਸ ਸੁਝਾਅ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ।

ਚਰਚਾ ਦੌਰਾਨ ਸ੍ਰੀ ਅਨਿਲ ਸਰੀਨ ਨੇ ਪੰਚਾਇਤੀ ਜ਼ਮੀਨਾਂ ਠੇਕੇ ’ਤੇ ਦਿੱਤੇ ਜਾਣ ਅਤੇ ਬਾਗਬਾਨੀ ਤੋਂ ਫ਼ਸਲ ਪ੍ਰਾਪਤ ਹੋਣ ਵਿੱਚ ਲੱਗਣ ਵਾਲੇ ਸਮੇਂ ਸਬੰਧੀ ਸਵਾਲ ਉਠਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਬਾਗਬਾਨੀ ਦੇ ਬੂਟਿਆਂ ਨੂੰ ਫਲ ਦੇਣ ਵਿੱਚ ਤੀਜੇ ਸਾਲ ਤੱਕ ਦਾ ਸਮਾਂ ਲੱਗਦਾ ਹੈ, ਤਾਂ ਪੰਚਾਇਤਾਂ ਇਸ ਪ੍ਰਬੰਧ ਲਈ ਕਿਵੇਂ ਸਹਿਮਤ ਹੋਣਗੀਆਂ।

ਇਸ ਦੇ ਜਵਾਬ ਵਿੱਚ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਬਾਗਬਾਨੀ ਸ਼ੁਰੂ ਕਰਨ ਦੇ ਪਹਿਲੇ ਦੋ ਸਾਲਾਂ ਦੇ ਠੇਕੇ ਦੀ ਰਕਮ ਸਰਕਾਰ ਵੱਲੋਂ ਪੰਚਾਇਤਾਂ ਨੂੰ ਅਦਾ ਕੀਤੀ ਜਾਵੇ। ਟੀਮ ਦੇ ਮੈਂਬਰਾਂ ਅਨੁਸਾਰ, ਤੀਜੇ ਸਾਲ ਤੋਂ ਫਲ ਮਿਲਣੇ ਸ਼ੁਰੂ ਹੋਣ ’ਤੇ ਪੰਚਾਇਤਾਂ ਨੂੰ ਕਣਕ ਅਤੇ ਝੋਨੇ ਦੀ ਰਵਾਇਤੀ ਖੇਤੀ ਦੇ ਮੁਕਾਬਲੇ ਵਧੇਰੇ ਆਮਦਨ ਪ੍ਰਾਪਤ ਹੋ ਸਕਦੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਇਸ ਨਾਲ ਪੰਚਾਇਤਾਂ ਲਈ ਲੰਮੇ ਸਮੇਂ ਦੀ ਆਮਦਨ ਦੇ ਸਰੋਤ ਵਿਕਸਤ ਕਰਨ ਦੇ ਨਾਲ-ਨਾਲ ਰੁੱਖਾਂ ਰਾਹੀਂ ਵਾਤਾਵਰਣ ਅਤੇ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਵੀ ਮਦਦ ਮਿਲ ਸਕਦੀ ਹੈ।

ਟਰੱਸਟ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ ਸੰਸਥਾ ਲੰਮੇ ਸਮੇਂ ਤੋਂ ਪੰਜਾਬ ਦੇ ਵਾਤਾਵਰਣ ਦੀ ਸੰਭਾਲ ਲਈ ਕਾਰਜਸ਼ੀਲ ਹੈ। ਉਨ੍ਹਾਂ ਅਨੁਸਾਰ, ਟੀਮ ਵੱਲੋਂ ਜਗਰਾਉਂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਹੁਣ ਤੱਕ ਤਕਰੀਬਨ 80,000 ਵਿਰਾਸਤੀ ਰੁੱਖ ਲਗਾ ਕੇ ਸੰਭਾਲੇ ਗਏ ਹਨ, ਜਦਕਿ ਲਗਭਗ 15 ਲੱਖ ਬੂਟੇ ਆਮ ਸੰਗਤ ਨੂੰ ਮੁਫ਼ਤ ਵੰਡੇ ਗਏ ਹਨ।

ਸਤਪਾਲ ਸਿੰਘ ਦੇਹੜਕਾ ਨੇ ਪੰਜਾਬ ਵਿੱਚ ਵਧਦੇ ਪ੍ਰਦੂਸ਼ਣ, ਗੰਭੀਰ ਬਿਮਾਰੀਆਂ, ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਅਤੇ ਗਲੋਬਲ ਵਾਰਮਿੰਗ ਸਬੰਧੀ ਚਿੰਤਾ ਪ੍ਰਗਟਾਉਂਦਿਆਂ ਜੰਗਲਾਤ ਅਤੇ ਬਾਗਬਾਨੀ ਹੇਠ ਰਕਬਾ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਆਸ ਪ੍ਰਗਟਾਈ ਕਿ ਭਾਜਪਾ ਪੰਜਾਬ ਦੇ ਵਾਤਾਵਰਣ ਦੀ ਸੰਭਾਲ ਨੂੰ ਧਿਆਨ ਵਿੱਚ ਰੱਖਦਿਆਂ ਇਸ ਪ੍ਰਸਤਾਵ ’ਤੇ ਗੰਭੀਰਤਾ ਨਾਲ ਵਿਚਾਰ ਕਰੇਗੀ।

ਇਸ ਮੌਕੇ ਸੰਚਿਤ ਗਰਗ, ਮੈਡਮ ਕੰਚਨ ਗੁਪਤਾ, ਲਖਵਿੰਦਰ ਸਿੰਘ ਧੰਜਲ ਅਤੇ ਸਤਪਾਲ ਸਿੰਘ ਦੇਹੜਕਾ ਸਮੇਤ ਹੋਰ ਮੈਂਬਰ ਹਾਜ਼ਰ ਸਨ। ਟਰੱਸਟ ਵੱਲੋਂ ਪੰਚਾਇਤੀ ਜ਼ਮੀਨਾਂ ਦੇ 33 ਫ਼ੀਸਦੀ ਹਿੱਸੇ ’ਤੇ ਬਾਗਬਾਨੀ ਅਤੇ ਰੁੱਖ ਲਗਾਉਣ ਦੀ ਨੀਤੀ ਨੂੰ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਦੀ ਮੰਗ ਰੱਖੀ ਗਈ ਹੈ।