Friday, 30 October 2026
Health
ਜਗਰਾਓਂ ਵਿੱਚ ਡੇਂਗੂ ਵਿਰੁੱਧ ਸਿਹਤ ਵਿਭਾਗ ਦੀ ਮੁਹਿੰਮ
ਜਗਰਾਓਂ, 30 ਅਕਤੂਬਰ (ਦਰਪਣ ਲੁਧਿਆਣਾ ਨਿਊਜ਼): ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਨ ਸ਼ਰਮਾ ਅਤੇ ਡਾ. ਅਭਿਸ਼ੇਕ ਸਿੰਗਲਾ ਦੀ ਅਗਵਾਈ ਹੇਠ ਐਂਟੀ ਲਾਰਵਾ ਸਕੀਮ ਜਗਰਾਓਂ ਦੀਆਂ ਟੀਮਾਂ ਵੱਲੋਂ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਸਲੋਗਨ ਤਹਿਤ ਸ਼ਹਿਰ ਵਿੱਚ ਡੇਂਗੂ ਦੀ ਰੋਕਥਾਮ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਗਤੀਵਿਧੀਆਂ ਕੀਤੀਆਂ ਗਈਆਂ।
ਇਸ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਗਰਾਓਂ ਸ਼ਹਿਰ ਵਿੱਚ ਸਥਿਤ ਵੱਖ-ਵੱਖ ਧਾਰਮਿਕ ਅਸਥਾਨਾਂ, ਪੁਲਿਸ ਸਟੇਸ਼ਨਾਂ, ਮੈਰਿਜ ਪੈਲੇਸਾਂ ਅਤੇ ਕਮਿਊਨਿਟੀ ਹਾਲਾਂ ਵਿੱਚ ਐਂਟੀ ਡੇਂਗੂ ਗਤੀਵਿਧੀਆਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਡੇਂਗੂ ਅਤੇ ਸਵਾਈਨ ਫਲੂ ਸਬੰਧੀ ਘਰ-ਘਰ ਜਾ ਕੇ ਸਰਵੇਖਣ ਵੀ ਕੀਤਾ ਗਿਆ।
ਸਰਵੇਖਣ ਦੌਰਾਨ ਟੀਮਾਂ ਵੱਲੋਂ ਘਰਾਂ ਅਤੇ ਆਲੇ-ਦੁਆਲੇ ਪਏ ਵੱਖ-ਵੱਖ ਪਾਣੀ ਦੇ ਭਾਂਡਿਆਂ ਅਤੇ ਹੋਰ ਥਾਵਾਂ ਦੀ ਜਾਂਚ ਕੀਤੀ ਗਈ। ਇਸ ਵਿੱਚ ਕੰਟੇਨਰਾਂ, ਕੂਲਰਾਂ, ਪੁਰਾਣੇ ਟਾਇਰਾਂ ਅਤੇ ਪਾਣੀ ਦੀਆਂ ਟੈਂਕੀਆਂ ਆਦਿ ਨੂੰ ਵਿਸ਼ੇਸ਼ ਤੌਰ ’ਤੇ ਚੈੱਕ ਕੀਤਾ ਗਿਆ, ਤਾਂ ਜੋ ਕਿਤੇ ਖੜ੍ਹੇ ਪਾਣੀ ਵਿੱਚ ਡੇਂਗੂ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਪੈਦਾ ਨਾ ਹੋ ਰਿਹਾ ਹੋਵੇ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਏਡੀਜ਼ ਇਜਿਪਟੀ ਮੱਛਰ ਦੀ ਪਛਾਣ ਅਤੇ ਇਸ ਦੀ ਪੈਦਾਇਸ਼ ਰੋਕਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਜਿੱਥੇ ਲੋੜ ਮਹਿਸੂਸ ਹੋਈ, ਉੱਥੇ ਲਾਰਵੀਸਾਈਡ ਦਾ ਛਿੜਕਾਅ ਵੀ ਕੀਤਾ ਗਿਆ। ਇਸ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਲਈ ਪੈਂਫਲਿਟ ਵੰਡੇ ਗਏ ਅਤੇ ਵੱਖ-ਵੱਖ ਥਾਵਾਂ ’ਤੇ ਡੇਂਗੂ ਸਬੰਧੀ ਪੋਸਟਰ ਲਗਾਏ ਗਏ।
ਮੁਹਿੰਮ ਦੌਰਾਨ ਲੋਕਾਂ ਨਾਲ ਜਾਗਰੂਕਤਾ ਗਰੁੱਪ ਮੀਟਿੰਗਾਂ ਵੀ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਡੇਂਗੂ ਬੁਖਾਰ ਅਤੇ ਸਵਾਈਨ ਫਲੂ ਦੇ ਲੱਛਣਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਦੱਸਿਆ ਗਿਆ ਕਿ ਡੇਂਗੂ ਸਬੰਧੀ ਜਾਂਚ ਅਤੇ ਦਵਾਈਆਂ ਸਰਕਾਰੀ ਹਸਪਤਾਲ ਵਿੱਚੋਂ ਮੁਫ਼ਤ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਸਿਹਤ ਵਿਭਾਗ ਦੀ ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਡੇਂਗੂ ਅਤੇ ਹੋਰ ਮੌਸਮੀ ਬਿਮਾਰੀਆਂ ਪ੍ਰਤੀ ਜਾਗਰੂਕ ਕਰਨਾ ਅਤੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਸਾਂਝੇ ਯਤਨਾਂ ਨੂੰ ਉਤਸ਼ਾਹਿਤ ਕਰਨਾ ਹੈ।