ਈ-ਪੇਪਰ ਪੜ੍ਹਨ ਮੋਡ

Punjab Patrika ePaper

Monday, 09 November 2026

ਦੀਵਾਲੀ ਦੀ ਰਾਤ ਜਗਰਾਉਂ ਦੀ ਚਾਵਲਾ ਬੇਕਰੀ ਵਿੱਚ ਭਿਆਨਕ ਅੱਗ, ਤਿਆਰ ਮਾਲ ਤੇ ਕੀਮਤੀ ਸਾਮਾਨ ਸੜ ਕੇ ਸੁਆਹ

ਦੀਵਾਲੀ ਦੀ ਰਾਤ ਜਗਰਾਉਂ ਦੀ ਚਾਵਲਾ ਬੇਕਰੀ ਵਿੱਚ ਭਿਆਨਕ ਅੱਗ, ਤਿਆਰ ਮਾਲ ਤੇ ਕੀਮਤੀ ਸਾਮਾਨ ਸੜ ਕੇ ਸੁਆਹ

ਜਗਰਾਉਂ , (ਦਿਨੇਸ਼ ਸ਼ਰਮਾ) ਕੁੱਕੜ ਚੌਂਕ ਵਿਖੇ ਸਥਿਤ ਬੇਕਰੀ ਵਿੱਚ ਦੇਰ ਰਾਤ ਲੱਗੀ ਅੱਗ ਕਾਰਨ ਦੁਕਾਨ ਅੰਦਰ ਪਿਆ ਤਿਆਰ ਮਾਲ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਰਾਹਤ ਦੀ ਗੱਲ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

‎ਦੁਕਾਨ ਦੇ ਮਾਲਕ ਪਰਮਜੀਤ ਸਿੰਘ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰਾਤ ਕਰੀਬ 10 ਵਜੇ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਇਸ ਤੋਂ ਬਾਅਦ ਸਵੇਰੇ ਕਰੀਬ 4:30 ਵਜੇ ਉਨ੍ਹਾਂ ਨੂੰ ਗੁਆਂਢੀਆਂ ਦਾ ਫ਼ੋਨ ਆਇਆ ਕਿ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਸੂਚਨਾ ਮਿਲਦਿਆਂ ਹੀ ਉਹ ਆਪਣੀ ਦੁਕਾਨ ਤੇ ਪਹੁੰਚੇ ।

‎ਉਨ੍ਹਾਂ ਦੱਸਿਆ ਕਿ ਜਦੋਂ ਤੱਕ ਉਹ ਦੁਕਾਨ ’ਤੇ ਪਹੁੰਚੇ, ਉਦੋਂ ਤੱਕ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ’ਤੇ ਪਹੁੰਚ ਗਈਆਂ ਅਤੇ ਮੁਲਾਜ਼ਮਾਂ ਨੇ ਬੜੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ। ਹਾਲਾਂਕਿ ਅੱਗ ’ਤੇ ਕਾਬੂ ਪਾਉਣ ਤੱਕ ਦੁਕਾਨ ਅੰਦਰ ਪਿਆ ਤਿਆਰ ਮਾਲ ਅਤੇ ਹੋਰ ਸਾਮਾਨ ਸੜ ਚੁੱਕਾ ਸੀ।

‎ਪਰਮਜੀਤ ਸਿੰਘ ਅਨੁਸਾਰ ਅੱਗ ਲੱਗਣ ਕਾਰਨ ਦੁਕਾਨ ਦਾ ਪੂਰਾ ਸਾਮਾਨ ਸੜ ਕੇ ਸਵਾਹ ਹੋ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਜ਼ਿਕਰ ਯੋਗ ਹੈ ਕਿ ਦੀਵਾਲੀ ਦੇ ਤਿਉਹਾਰ ਦੀ ਰਾਤ ਵਾਪਰੀ ਇਸ ਘਟਨਾ ਨੇ ਉਨ੍ਹਾਂ ਨੂੰ ਵੱਡਾ ਆਰਥਿਕ ਝਟਕਾ ਦਿੱਤਾ ਹੈ।

‎ਫਾਇਰ ਬ੍ਰਿਗੇਡ ਨੂੰ ਸਵੇਰੇ 5:15 ਵਜੇ ਮਿਲੀ ਸੂਚਨਾ

‎ਇਸ ਸਬੰਧੀ ਫਾਇਰ ਬ੍ਰਿਗੇਡ ਜਗਰਾਉਂ ਦੇ ਮੁਲਾਜ਼ਮ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਸਵੇਰੇ ਕਰੀਬ 5:15 ਵਜੇ ਚਾਵਲਾ ਬੇਕਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ’ਤੇ ਭੇਜਿਆ ਗਿਆ ਅਤੇ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਉਣ ਲਈ ਯਤਨ ਸ਼ੁਰੂ ਕੀਤੇ।

‎ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਇੱਕ ਵੱਡੀ ਗੱਡੀ ਪਹਿਲਾਂ ਹੀ ਕਿਸੇ ਹੋਰ ਥਾਂ ’ਤੇ ਅੱਗ ਬੁਝਾਉਣ ਤੋਂ ਬਾਅਦ ਵਾਪਸ ਪਰਤ ਰਹੀ ਸੀ, ਅਤੇ ਉਸ ਨੂੰ ਵੀ ਉਸੇ ਸਮੇਂ ਘਟਨਾ ਵਾਲੇ ਸਥਾਨ ਤੇ ਭੇਜਿਆ ਗਿਆ।

‎ਅੱਗ ਲੱਗਣ ਦੇ ਸੰਭਾਵਿਤ ਕਾਰਨਾਂ ਬਾਰੇ ਗੱਲ ਕਰਦਿਆਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਢਲੇ ਤੌਰ ’ਤੇ ਸ਼ਾਰਟ ਸਰਕਟ ਜਾਂ ਦੀਵਾਲੀ ਮੌਕੇ ਜਗਾਏ ਗਏ ਦੀਵਿਆਂ ਕਾਰਨ ਅੱਗ ਲੱਗਣ ਦੀ ਸੰਭਾਵਨਾ ਹੋ ਸਕਦੀ ਹੈ। ਹਾਲਾਂਕਿ ਅੱਗ ਲੱਗਣ ਦਾ ਅਸਲ ਕਾਰਨ ਅਜੇ ਪੱਕੇ ਤੌਰ ’ਤੇ ਸਥਾਪਤ ਨਹੀਂ ਹੋਇਆ।

‎ਦੀਵਾਲੀ ਦੀ ਰਾਤ ਸ਼ਹਿਰ ਵਿੱਚ ਤਿੰਨ ਥਾਵਾਂ ’ਤੇ ਲੱਗੀ ਅੱਗ

‎ਫਾਇਰ ਬ੍ਰਿਗੇਡ ਦੇ ਮੁਲਾਜ਼ਮ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਜਗਰਾਉਂ ਵਿੱਚ ਅੱਗ ਲੱਗਣ ਦੀਆਂ ਕੁੱਲ ਤਿੰਨ ਘਟਨਾਵਾਂ ਸਾਹਮਣੇ ਆਈਆਂ।

‎ਪਹਿਲੀ ਘਟਨਾ ਹੀਰਾ ਬਾਗ਼ ਦੀ ਗਲੀ ਨੰਬਰ 6 ਵਿੱਚ ਵਾਪਰੀ, ਜਿੱਥੇ ਇੱਕ ਖਾਲੀ ਪਲਾਟ ਵਿੱਚ ਪਏ ਘਾਹ ਫੂਸ ਨੂੰ ਅੱਗ ਲੱਗ ਗਈ। ਦੂਜੀ ਘਟਨਾ ਸਰਦਾਰ ਰਾਈਸ ਮਿੱਲ ਵਿੱਚ ਵਾਪਰੀ, ਜਿੱਥੇ ਪਏ ਬਾਰਦਾਨੇ ਨੂੰ ਅੱਗ ਲੱਗ ਗਈ। ਤੀਜੀ ਘਟਨਾ ਕੁੱਕੜ ਚੌਂਕ  ਸਥਿਤ ਚਾਵਲਾ ਬੇਕਰੀ ਦੀ ਹੈ।

‎ਫਾਇਰ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਤਿੰਨਾਂ ਥਾਵਾਂ ’ਤੇ ਸਮੇਂ ਸਿਰ ਪਹੁੰਚ ਕੇ ਅੱਗ ’ਤੇ ਕਾਬੂ ਕਾਬੂ ਪਾਇਆ, ਵਿਭਾਗ ਦੀ ਮੁਸਤੈਦੀ ਕਾਰਨ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।