Saturday, 14 November 2026
School
ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਬਾਲ ਦਿਵਸ ਉਤਸ਼ਾਹ ਨਾਲ ਮਨਾਇਆ
ਬੱਚਿਆਂ ਨੇ ਖੇਡਾਂ, ਡਾਂਸ ਅਤੇ ਕੈਟਵਾਕ ਰਾਹੀਂ ਕੀਤੀ ਖੂਬ ਮਸਤੀ
ਸਕੂਲ ਪ੍ਰਬੰਧਕਾਂ ਨੇ ਦਿੱਤਾ ਪਿਆਰ, ਮਿਲਵਰਤਣ ਅਤੇ ਸਿੱਖਿਆ ਦਾ ਸੰਦੇਸ਼
ਜਗਰਾਉਂ, (ਦਿਨੇਸ਼ ਸ਼ਰਮਾ) ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਬਾਲ ਦਿਵਸ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਬੱਚਿਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਸਮਾਜਿਕ ਅਤੇ ਸਿੱਖਿਆਦਾਇਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲੀ ਸਕੂਲ ਸੰਸਥਾ ਵੱਲੋਂ ਇਸ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਸਕੂਲ ਕੈਂਪਸ ਨੂੰ ਗੁਲਾਬੀ, ਨੀਲੇ ਅਤੇ ਚਿੱਟੇ ਰੰਗ ਦੇ ਗੁਬਾਰਿਆਂ ਨਾਲ ਸਜਾਇਆ ਗਿਆ। ਨਿੱਕੇ-ਨਿੱਕੇ ਬੱਚੇ ਰੰਗ-ਬਿਰੰਗੇ ਪਹਿਰਾਵਿਆਂ ਵਿੱਚ ਬੇਹੱਦ ਖੁਸ਼ ਨਜ਼ਰ ਆ ਰਹੇ ਸਨ। ਬੱਚਿਆਂ ਨੇ ਵੱਖ-ਵੱਖ ਖੇਡਾਂ, ਡਾਂਸ ਅਤੇ ਕੈਟਵਾਕ ਵਰਗੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਖੂਬ ਆਨੰਦ ਮਾਣਿਆ। ਇਸ ਦੌਰਾਨ ਸਕੂਲ ਦਾ ਮਾਹੌਲ ਖੁਸ਼ੀਆਂ ਅਤੇ ਉਤਸ਼ਾਹ ਨਾਲ ਭਰਿਆ ਰਿਹਾ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਿਸਿਜ਼ ਮੋਨਾ ਠਾਕੁਰ ਨੇ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦਿੰਦਿਆਂ ਪੰਡਿਤ ਜਵਾਹਰ ਲਾਲ ਨਹਿਰੂ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬਾਲ ਦਿਵਸ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਮਨਾਇਆ ਜਾਂਦਾ ਹੈ। ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ, ਜਿਸ ਕਾਰਨ ਬੱਚੇ ਉਨ੍ਹਾਂ ਨੂੰ ਪਿਆਰ ਨਾਲ ‘ਚਾਚਾ ਨਹਿਰੂ’ ਕਹਿੰਦੇ ਸਨ। ਉਨ੍ਹਾਂ ਬੱਚਿਆਂ ਨੂੰ ਪੰਡਿਤ ਨਹਿਰੂ ਦੇ ਵਿਚਾਰਾਂ ਤੋਂ ਪ੍ਰੇਰਨਾ ਲੈਣ ਅਤੇ ਪਿਆਰ ਤੇ ਸਦਭਾਵਨਾ ਨਾਲ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ।
ਸਕੂਲ ਪ੍ਰਬੰਧਕਾਂ ਵੱਲੋਂ ਵੀ ਬੱਚਿਆਂ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੇ ਜੀਵਨ ਅਤੇ ਵਿਚਾਰਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਬੱਚਿਆਂ ਨੂੰ ਆਪਸੀ ਪਿਆਰ, ਮਿਲਵਰਤਣ ਅਤੇ ਇਕੱਠੇ ਮਿਲ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਚੇਅਰਮੈਨ ਸਨੀ ਅਰੋੜਾ, ਪ੍ਰਧਾਨ ਹਰੀਕ੍ਰਿਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸਕੱਤਰ ਅੰਜੂ ਬਾਲਾ ਅਤੇ ਗਗਨਦੀਪ ਬਾਵਾ ਸਮੇਤ ਸਮੁੱਚੀ ਸਕੂਲ ਮੈਨੇਜਮੈਂਟ ਨੇ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ।