Friday, 30 October 2026
School
ਸਿੱਧਵਾਂ ਬੇਟ ਦੇ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਦੇ ਬੱਚਿਆਂ ਨੇ ਜੈਪ ਵਿਖੇ ਮਾਣਿਆ ਟੂਰ ਦਾ ਆਨੰਦ
ਸਿੱਧਵਾਂ ਬੇਟ (ਦਰਪਣ ਲੁਧਿਆਣਾ ਨਿਊਜ਼): ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ, ਸਿੱਧਵਾਂ ਬੇਟ ਵੱਲੋਂ ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਲੁਧਿਆਣਾ ਸਥਿਤ ਜੈਪ ਵਿਖੇ ਮਨੋਰੰਜਕ ਟੂਰ ਆਯੋਜਿਤ ਕੀਤਾ ਗਿਆ। ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਮੈਡਮ ਮੋਨਾ ਠਾਕੂਰ ਵੱਲੋਂ ਕਰਵਾਏ ਗਏ ਇਸ ਟੂਰ ਦਾ ਉਦੇਸ਼ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਮਨੋਰੰਜਨ, ਸਮਾਜਿਕ ਜਾਣਕਾਰੀ ਅਤੇ ਵਿਹਾਰਕ ਸਿੱਖਿਆ ਦੇ ਮੌਕੇ ਪ੍ਰਦਾਨ ਕਰਨਾ ਸੀ।
ਟੂਰ ਲਈ ਰਵਾਨਗੀ ਸਮੇਂ ਪ੍ਰਿੰਸੀਪਲ ਮੈਡਮ ਮੋਨਾ ਠਾਕੂਰ ਨੇ ਆਪਣੀ ਰਹਿਨੁਮਾਈ ਹੇਠ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਟੂਰ ਦਾ ਆਨੰਦ ਮਾਣਨ ਲਈ ਪ੍ਰੇਰਿਤ ਕੀਤਾ। ਜੈਪ ਲੁਧਿਆਣਾ ਵਿਖੇ ਪਹੁੰਚਣ ਉਪਰੰਤ ਵਿਦਿਆਰਥੀਆਂ ਨੇ ਵੱਖ-ਵੱਖ ਮਨੋਰੰਜਕ ਰਾਈਡਜ਼ ਦਾ ਆਨੰਦ ਮਾਣਿਆ। ਇਨ੍ਹਾਂ ਵਿੱਚ ਪੈਂਡੂਲਮ, ਟਰੇਨ ਅਤੇ 5ਡੀ ਮੂਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ।
ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਟਰੈਂਪੋਲਿਨ ਗਤੀਵਿਧੀ ਵਿੱਚ ਲਿਜਾਇਆ ਗਿਆ, ਜਿੱਥੇ ਬੱਚਿਆਂ ਨੇ ਜੰਪਿੰਗ ਕਰਕੇ ਖ਼ੂਬ ਮਨੋਰੰਜਨ ਕੀਤਾ। ਇਸ ਦੇ ਨਾਲ ਹੀ ਵੱਖ-ਵੱਖ ਸੰਗੀਤਕ ਧੁਨਾਂ ’ਤੇ ਡਾਂਸ ਕਰਕੇ ਵੀ ਬੱਚਿਆਂ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਵੱਖ-ਵੱਖ ਰਾਈਡਜ਼ ਅਤੇ ਮਨੋਰੰਜਕ ਗਤੀਵਿਧੀਆਂ ਤੋਂ ਬਾਅਦ ਵਿਦਿਆਰਥੀਆਂ ਨੂੰ ਸੰਤੁਲਿਤ ਭੋਜਨ ਵੀ ਮੁਹੱਈਆ ਕਰਵਾਇਆ ਗਿਆ।
ਸਕੂਲ ਪ੍ਰਬੰਧਕਾਂ ਅਨੁਸਾਰ ਅਜਿਹੇ ਟੂਰ ਬੱਚਿਆਂ ਨੂੰ ਮਨੋਰੰਜਨ ਪ੍ਰਦਾਨ ਕਰਨ ਦੇ ਨਾਲ-ਨਾਲ ਅਨੁਸ਼ਾਸਨ ਵਿੱਚ ਰਹਿਣ, ਆਪਸੀ ਮਿਲਵਰਤਣ, ਸਮਾਜਿਕ ਜਾਣਕਾਰੀ ਅਤੇ ਨੈਤਿਕ ਗੁਣਾਂ ਦੇ ਵਿਕਾਸ ਵਿੱਚ ਵੀ ਸਹਾਈ ਹੁੰਦੇ ਹਨ। ਅਜਿਹੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਆਪਣੇ ਸਾਥੀਆਂ ਨਾਲ ਸਮਾਂ ਬਿਤਾਉਣ ਅਤੇ ਨਵੇਂ ਤਜਰਬੇ ਹਾਸਲ ਕਰਨ ਦਾ ਮੌਕਾ ਮਿਲਦਾ ਹੈ।
ਟੂਰ ਤੋਂ ਵਾਪਸੀ ’ਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਪ੍ਰਿੰਸੀਪਲ ਮੈਡਮ ਵੱਲੋਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਇਸ ਉਪਰੰਤ ਬੱਚਿਆਂ ਨੂੰ ਉਨ੍ਹਾਂ ਦੇ ਨਿਰਧਾਰਤ ਸਟੇਸ਼ਨਾਂ ਲਈ ਰਵਾਨਾ ਕੀਤਾ ਗਿਆ। ਇਸ ਤਰ੍ਹਾਂ ਇਹ ਟੂਰ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਲਈ ਯਾਦਗਾਰੀ ਸਾਬਤ ਹੋਇਆ।
ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਨੀ ਅਰੋੜਾ, ਪ੍ਰੈਜ਼ੀਡੈਂਟ ਹਰੀਕ੍ਰਿਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸਕੱਤਰ ਅੰਜੂ ਬਾਲਾ, ਗਗਨਦੀਪ ਬਾਵਾ ਅਤੇ ਪ੍ਰਿੰਸੀਪਲ ਮੈਡਮ ਮੋਨਾ ਠਾਕੂਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਸਫ਼ਲ ਟੂਰ ਲਈ ਵਧਾਈ ਦਿੱਤੀ।